ਚੰਡੀਗੜ੍ਹ, 29 ਦਸੰਬਰ, 2021 : ਪੰਜਾਬ ਵਿਧਾਨ ਸਭਾ ਚੋਣਾਂ ਦੇ ਬਿਲਕੁਲ ਨੇੜੇ ਪੰਜਾਬ ਕਾਂਗਰਸ ਵੱਲੋਂ ਬਿਨਾ ਚਿਹਰਾ ਚੋਣਾਂ ਲੜਨ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਤੰਜ ਕੱਸਿਆ ਹੈ। ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਬਰਾਤ ਤੋਂ ਪਹਿਲਾਂ ਪਹਿਲਾਂ ‘ਲਾੜਾ’ ਐਲਾਨ ਦੇਣਾ ਚਾਹੀਦਾ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਨੂੰ ਚਿੱਕੜ ਵਿੱਚੋਂ ਕੌਣ ਕੱਢੇਗਾ।
ਇਸ ਸੰਬੰਧੀ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਕਾਂਗਰਸ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਹੀ ਚੋਣ ਮੈਦਾਨ ਵਿੱਚ ਨਿੱਤਰਣਾ ਚਾਹੀਦਾ ਹੈ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਨੂੰ ‘ਚਿੱਕੜ’ ਵਿੱਚੋਂ ਕੌਣ ਕੱਢੇਗਾ ਅਤੇ ਕਿਵੇਂ ਕੱਢੇਗਾ, ਸਾਡਾ ‘ਰੋਡਮੈਪ’ ਕੀ ਹੈ? ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ‘ਆਮ ਆਦਮੀ ਪਾਰਟੀ’ ਦਾ ਜੋ ਹਾਲ 2017 ਵਿੱਚ ਹੋਇਆ ਸੀ, ਉਹੀ ਹੁਣ ਕਾਂਗਰਸ ਦਾ ਹੋਵੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਦੋਂ ਵੀ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ ਅਤੇ ਪਾਰਟੀ ਨੂੰ ਚਾਹੀਦਾ ਹੈ ਕਿ ਹੁਣ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ। ਉਦੋਂ ਅਸੀਂ ਲੋਕ ‘ਆਮ ਆਦਮੀ ਪਾਰਟੀ’ ਨੂੰ ਪੁੱਛਦੇ ਸਾਂ ਕਿ ‘ਤੁਹਾਡਾ ਲਾੜਾ ਕਿਹੜਾ ਹੈ?’ ਅਤੇ ਜੇ ਕਾਂਗਰਸ ਨੇ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਤਾਂ ਇਸ ਵਾਰ ਲੋਕ ਸਾਨੂੰ ਪੁੱਛਣਗੇ ਕਿ ‘ਤੁਹਾਡਾ ਲਾੜਾ ਕੌਣ ਹੈ?’ ਉਹਨਾਂ ਆਖ਼ਿਆ ਕਿ ਇਸ ਬਾਰੇ ਕੋਈ ਵੀ ਨਿਰਣਾ ਕਾਂਗਰਸ ਹਾਈਕਮਾਨ ਨੇ ਹੀ ਲੈਣਾ ਹੈ।
ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਦੇ ਚਿਹਰੇ ਲਈ ਦੌੜ ਲੱਗੀ ਹੋਈ ਹੈ। ਕਈ ਨਾਮੀ ਚਿਹਰੇ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਚ ਵੀ ਸ਼ਾਮਿਲ ਹੋ ਰਹੇ ਹਨ। ਅਜਿਹੇ ਵਿੱਚ ਕਾਂਗਰਸ ਪਾਰਟੀ ਬਿਨਾ ਚਿਹਰੇ ਦੇ ਚੋਣ ਲੜੇਗੀ ਜਾਂ ਪਾਰਟੀ ਵੱਲੋਂ ਕੋਈ ਚਿਹਰਾ ਐਲਾਨਿਆ ਜਾਂਦਾ ਹੈ ਇਹ ਵੇਖਣਾ ਕਾਫੀ ਦਿਲਚਸਪ ਰਹੇਗਾ।












