ਲੁਧਿਆਣਾ ਦੀ ਕਮਿਸ਼ਨਰੇਟ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਦੀ ਕੁੱਲ 1.63 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਦਿੱਤੀ ਹੈ। ਸੰਪਤੀਆਂ ਵਿੱਚ ਵਪਾਰਕ ਦੁਕਾਨਾਂ ਅਤੇ ਰਿਹਾਇਸ਼ੀ ਘਰ ਦੋਵੇਂ ਸ਼ਾਮਲ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਅਤੇ ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਤਸਕਰਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਲਲਤੋਂ ਕਲਾਂ ਦੇ ਹੁਸ਼ਿਆਰ ਸਿੰਘ ਦੀ ਜਾਇਦਾਦ ਜਿਸ ਵਿੱਚ ਲਲਤੋਂ ਕਲਾਂ ਵਿੱਚ ਤਿੰਨ ਰਿਹਾਇਸ਼ੀ ਮਕਾਨ ਅਤੇ ਇੱਕ ਦੁਕਾਨ ਸ਼ਾਮਲ ਹੈ, ਦੀ ਕੁੱਲ ਕੀਮਤ 1.08 ਕਰੋੜ ਰੁਪਏ ਬਣਦੀ ਹੈ। ਨਿਊ ਸੁੰਦਰ ਨਗਰ ਦੇ ਸਤਨਾਮ ਸਿੰਘ ਦੀ 100 ਵਰਗ ਗਜ਼ ਜ਼ਮੀਨ ‘ਤੇ ਇਕ ਮੈਡੀਕਲ ਦੀ ਦੁਕਾਨ, ਦੋ ਖਾਲੀ ਦੁਕਾਨਾਂ ਅਤੇ ਆਸ਼ਿਆਨਾ ਕਾਲੋਨੀ ਦੇ ਵਿਕਾਸ ਕੁਮਾਰ ਦੇ ਰਿਹਾਇਸ਼ੀ ਮਕਾਨ ਨੂੰ ਵੀ ਪੁਲਸ ਨੇ ਸੀਲ ਕਰ ਦਿੱਤਾ ਹੈ।ਸੀ.ਪੀ.ਸਿੱਧੂ ਨੇ ਜਾਇਦਾਦਾਂ ਦੀ ਕੁਰਕੀ ਦੀ ਪ੍ਰਕਿਰਿਆ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅੱਗੇ ਵਧਾਉਣ ਦਾ ਸਿਹਰਾ ਵਧੀਕ ਡੀਸੀਪੀ-2 ਸੁਹੇਲ ਕਾਸਿਮ ਮੀਰ ਨੂੰ ਦਿੱਤਾ।
ਸੀਪੀ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਜਾਇਦਾਦਾਂ ਨੂੰ ਫਰੀਜ਼ ਕਰਨ ਲਈ ਐਨਡੀਪੀਐਸ ਐਕਟ ਦੀ ਧਾਰਾ 68-ਐਫ ਦੀ ਵਰਤੋਂ ਕੀਤੀ ਸੀ। ਹੁਣ ਮੁਲਜ਼ਮਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰਨ ਨਾਲ ਮੁਲਜ਼ਮ ਭਵਿੱਖ ਵਿੱਚ ਨਸ਼ਾ ਤਸਕਰੀ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਇਸ ਨਾਲ ਸਮਾਜ ਦੇ ਹੋਰਨਾਂ ਤਸਕਰਾਂ ਨੂੰ ਵੀ ਸਖ਼ਤ ਸੁਨੇਹਾ ਜਾਵੇਗਾ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਇਦਾਦਾਂ ਨੂੰ ਜ਼ਬਤ ਕਰਨ ਨਾਲ ਨਸ਼ਾ ਤਸਕਰਾਂ ਦੀ ਰੀੜ੍ਹ ਦੀ ਹੱਡੀ ਅਤੇ ਵਿੱਤੀ ਸਹਾਇਤਾ ਪ੍ਰਣਾਲੀ ਨੂੰ ਤੋੜਨ ਵਿੱਚ ਮਦਦ ਮਿਲੇਗੀ।
ਕਮਿਸ਼ਨਰ ਸਿੱਧੂ ਨੇ ਕਿਹਾ ਕਿ ਇਹ ਸਿਰਫ਼ ਇੱਕ ਸ਼ੁਰੂਆਤ ਹੈ, ਅਸਲ ਵਿੱਚ ਅਸੀਂ ਸਬੰਧਤ ਅਧਿਕਾਰੀਆਂ ਕੋਲ ਅਜਿਹੇ ਹੋਰ ਵੀ ਕਈ ਕੇਸਾਂ ਦੀ ਪੈਰਵੀ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਵਿੱਚ ਸਮੱਗਲਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰ ਲਵਾਂਗੇ। ਪੁਲੀਸ ਨੇ ਕਈ ਹੋਰ ਤਸਕਰਾਂ ਦੀਆਂ ਜਾਇਦਾਦਾਂ ਦੀ ਸੂਚੀ ਵੀ ਤਿਆਰ ਕੀਤੀ ਹੈ।












