ਬੈਂਕਾਕ ਤੋਂ ਮਿਊਨਿਖ ਜਾ ਰਹੀ ਲੁਫਥਾਂਸਾ ਦੀ ਫਲਾਈਟ LH 772 ਦੀ ਦਿੱਲੀ ‘ਚ ਐਮਰਜੈਂਸੀ ਲੈਂਡਿੰਗ ਹੋਈ ਹੈ। ਜਹਾਜ਼ ਵਿੱਚ ਮੌਜੂਦ ਇੱਕ ਜੋੜੇ ਦੀ ਲੜਾਈ ਕਾਰਨ ਇਸ ਨੂੰ ਦਿੱਲੀ ਵੱਲ ਡਾਇਵਰਟ ਦਿੱਤਾ ਗਿਆ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਦਿੱਲੀ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਤੀ-ਪਤਨੀ ਵਿਚਾਲੇ ਝਗੜਾ ਕਿਉਂ ਹੋਇਆ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦਈਏ ਕਿ ਫਲਾਈਟ ਨੇ ਪਹਿਲਾਂ ਪਾਕਿਸਤਾਨ ‘ਚ ਉਤਰਨ ਦੀ ਇਜਾਜ਼ਤ ਮੰਗੀ ਸੀ ਪਰ ਪਾਕਿਸਤਾਨ ਨੇ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਦਿੱਲੀ ਏਅਰਪੋਰਟ ‘ਤੇ ਉਤਰੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤ ‘ਚ ਪਤੀ-ਪਤਨੀ ‘ਚ ਬਹਿਸ ਹੋਈ, ਜੋ ਹੌਲੀ-ਹੌਲੀ ਲੜਾਈ ‘ਚ ਬਦਲ ਗਈ। ਇਸ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਇਸ ਨੂੰ ਡਾਇਵਰਟ ਕਰਨ ਦਾ ਫੈਸਲਾ ਕੀਤਾ।
ਫਲਾਈਟ ਸਵੇਰੇ 10:26 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਪੀਟੀਆਈ ਦੀ ਰਿਪੋਰਟ ਮੁਤਾਬਕ ਜਰਮਨੀ ਦੇ ਇੱਕ ਵਿਅਕਤੀ ਦਾ ਆਪਣੀ ਪਤਨੀ ਨਾਲ ਲੜਾਈ ਹੋ ਗਈ। ਪਤਨੀ ਥਾਈਲੈਂਡ ਦੀ ਰਹਿਣ ਵਾਲੀ ਹੈ। ਮਹਿਲਾ ਨੇ ਜਹਾਜ਼ ਦੇ ਪਾਇਲਟ ਨੂੰ ਵੀ ਆਪਣੇ ਪਤੀ ਦੇ ਮਾੜੇ ਵਿਵਹਾਰ ਦੀ ਸ਼ਿਕਾਇਤ ਕੀਤੀ ਸੀ ਅਤੇ ਉਸ ਤੋਂ ਦਖਲ ਦੀ ਮੰਗ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਧਮਕੀਆਂ ਦੇ ਰਿਹਾ ਸੀ।
ਦਿੱਲੀ ਏਅਰਪੋਰਟ ‘ਤੇ ਫਲਾਈਟ ‘ਚ ਲੜ ਰਹੇ ਵਿਅਕਤੀ ਨੂੰ ਉਤਾਰ ਕੇ ਏਅਰਪੋਰਟ ਸੁਰੱਖਿਆ ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਹੁਣ ਤੱਕ ਇਸ ਮਾਮਲੇ ‘ਚ ਲੁਫਥਾਂਸਾ ਏਅਰਲਾਈਨ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜਹਾਜ਼ ਵਿੱਚ ਮੌਜੂਦ ਬਾਕੀ ਸਾਰੇ ਯਾਤਰੀ ਸੁਰੱਖਿਅਤ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਫਲਾਈਟ ‘ਚ ਝਗੜਾ ਕਰਨ ਵਾਲਾ ਪਤੀ ਨਸ਼ੇ ਦੀ ਹਾਲਤ ‘ਚ ਸੀ।
ਇਸ ਤੋਂ ਪਹਿਲਾਂ 20 ਨਵੰਬਰ ਨੂੰ ਵੀ ਜੈਪੁਰ ਤੋਂ ਬੈਂਗਲੁਰੂ ਜਾ ਰਹੀ ਫਲਾਈਟ ‘ਚ ਇਕ ਯਾਤਰੀ ਨੇ ਚਾਲਕ ਦਲ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਤੋਂ ਬਾਅਦ ਯਾਤਰੀ ਨੂੰ ਬੈਂਗਲੁਰੂ ਪਹੁੰਚਣ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ 32 ਸਾਲਾ ਵਿਅਕਤੀ ਸ਼ਰਾਬੀ ਸੀ ਅਤੇ ਕਈ ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਸ਼ਾਂਤ ਨਹੀਂ ਹੋਇਆ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।











