ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਦੇਸ਼ ’ਚ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਇਸ ਮਹਾਮਾਰੀ ਖਿਲਾਫ ਜੰਗ ’ਚ ਇਕ ਵੱਡੀ ਮੁਸ਼ਕਲ ਖੜੀ ਹੋ ਗਈ ਹੈ। ਸਰਿੰਜ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹਿੰਦੁਸਤਾਨ ਸਰਿੰਜੇਜ਼ ਅਤੇ ਮੈਡੀਕਲ ਡਿਵਾਈਸੇਜ਼ ਨੇ ਆਪਣੇ ਪਲਾਂਟ ਬੰਦ ਕਰ ਦਿੱਤੇ ਹਨ। ਕੰਪਨੀ ਨੇ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ ’ਤੇ ਅਜਿਹਾ ਕੀਤਾ ਹੈ। ਇਸ ਨਾਲ ਦੇਸ਼ ’ਚ ਸਰਿੰਜ ਅਤੇ ਸੂਈ ਦੀ ਭਾਰੀ ਕਮੀ ਹੋ ਸਕਦੀ ਹੈ। ਦੇਸ਼ ’ਚ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਦੇਸ਼ ’ਚ ਸਰਿੰਜ ਦੀ ਕੁੱਲ ਮੰਗ ਦਾ ਦੋ-ਤਿਹਾਈ ਹਿੱਸਾ ਐੱਚ. ਐੱਮ. ਡੀ. ਬਣਾਉਂਦੀ ਹੈ। ਅਜਿਹੇ ’ਚ ਕੰਪਨੀ ਦੇ ਪਲਾਂਟਸ ਬੰਦ ਹੋਣ ਨਾਲ ਦੇਸ਼ ’ਚ ਸਰਿੰਜ ਦੀ ਭਾਰੀ ਕਮੀ ਹੋ ਸਕਦੀ ਹੈ ਜੋ ਕੋਰੋਨਾ ਨਾਲ ਜੰਗ ਲੜਨ ’ਚ ਰੁਕਾਵਟ ਪਾਏਗੀ।
ਫਰੀਦਾਬਾਦ ’ਚ ਕੰਪਨੀ ਦਾ 11 ਏਕੜ ਦਾ ਕੰਪਲੈਕਸ ਹੈ, ਜਿਸ ’ਚ 4 ਮੈਨੂਫੈਕਚਿੰਗ ਯੂਨਿਟਸ ਹਨ। ਇਨ੍ਹਾਂ ’ਚੋਂ ਕੰਪਨੀ ਨੇ 3 ਯੂਨਿਟ ਬੰਦ ਕਰ ਦਿੱਤੇ ਹਨ। ਇਨ੍ਹਾਂ ’ਚ ਕੰਪਨੀ ਦਾ ਮੁੱਖ ਪਲਾਂਟ ਵੀ ਸ਼ਾਮਲ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਨਾਥ ਨੇ ਕਿਹਾ ਕਿ ਅਸੀਂ ਆਪਣੇ ਕੰਪਲੈਕਸ ’ਚ ਪ੍ਰੋਡਕਸ਼ਨ ਬੰਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕੰਪਨੀ ਕੋਲ ਦੋ ਦਿਨ ਤੋਂ ਵੱਧ ਦਾ ਬਫਰ ਸਟਾਕ ਨਹੀਂ ਹੈ। ਅਸੀਂ ਰੋਜ਼ 1.2 ਕਰੋੜ ਸਜਿੰਦ ਦਾ ਪ੍ਰੋਡਕਸ਼ਨ ਕਰਦੇ ਹਾਂ ਪਰ ਸੋਮਵਾਰ ਤੋਂ ਇਹ ਮੁਹੱਈਆ ਨਹੀਂ ਹੋਵੇਗਾ। ਹਾਲੇ ਇਕ ਪਲਾਂਟ ’ਚ 40 ਲੱਖ ਸਰਿੰਜ ਦੀ ਪ੍ਰੋਡਕਸ਼ਨ ਹੋ ਰਹੀ ਹੈ ਪਰ ਸੋਮਵਾਰ ਨੂੰ ਉਸ ਨੂੰ ਵੀ ਬੰਦ ਕਰਨ ਦੀ ਯੋਜਨਾ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ’ਚ ਪਹਿਲਾਂ ਹੀ ਸਰਿੰਜ ਦੀ ਸ਼ਾਰਟ ਸਪਲਾਈ ਹੈ। ਹੁਣ ਇਹ ਸੰਕਟ ਹੋਰ ਡੂੰਘਾ ਹੋ ਗਿਆ ਹੈ ਕਿਉਂਕਿ ਸਾਨੂੰ ਵਾਲੰਟਰੀ ਬੇਸਿਸ ’ਤੇ ਆਪਣੀ ਯੂਨਿਟਸ ਬੰਦ ਕਰਨ ਨੂੰ ਕਿਹਾ ਗਿਆ ਹੈ। ਇਸ ਨਾਲ ਰੋਜ਼ 15 ਕਰੋੜ ਸੂਈਆਂ ਅਤੇ 80 ਲੱਖ ਸਰਿੰਜਾਂ ਦਾ ਉਤਪਾਦਨ ਪ੍ਰਭਾਵਿਤ ਹੋਵੇਗਾ। ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫਰੀਦਾਬਾਦ ’ਚ 228 ਯੂਨਿਟਸ ਨੂੰ ਬੰਦ ਕਰਨ ਦਾ ਫੈਸਲਾ ਦਿੱਤਾ ਹੈ।