ਪਾਕਿਸਤਾਨ ਦੇ ਕਰਾਚੀ ਵਿੱਚ ਸ਼ਨੀਵਾਰ ਨੂੰ ਇਕ ਵੱਡਾ ਧਮਾਕਾ ਹੋਇਆ ਜਿਸ ਨਾਲ 12 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਇਹ ਬਲਾਸਟ ਬੈਂਕ ਦੀ ਬਿਲਡਿੰਗ ਦੇ ਨੇੜੇ ਹੋਇਆ ਜਿਸ ਕਾਰਨ ਬੈਂਕ ਦੀ ਬਿਲਡਿੰਗ ਤੇ ਉਸ ਦੇ ਨੇੜੇ ਪੈਂਦੇ ਪੈਟਰੋਲ ਪੰਪ ਨੂੰ ਭਾਰੀ ਨੁਕਸਾਨ ਪੁੱਜਾ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ।

ਕਰਾਚੀ ਪੁਲਿਸ ਦੇ ਐੱਸ. ਐੱਚ. ਓ. ਜ਼ਫਰ ਅਲੀ ਸ਼ਾਹ ਨੇ ਦੱਸਿਆ ਕਿ ਧਮਾਕਾ ਇੱਕ ਨਿੱਜੀ ਬੈਂਕ ਦੇ ਹੇਠਾਂ ਸਥਿਤ ਨਾਲੇ (ਡਰੇਨ) ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਸਥਾਨ ਨੂੰ ਖਾਲੀ ਕਰਾ ਲਿਆ ਗਿਆ ਹੈ ਤਾਂ ਜੋ ਨਾਲੇ ਦੀ ਸਫਾਈ ਕੀਤੀ ਜਾ ਸਕੇ। ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਤੇ 12 ਦੇ ਕਰੀਬ ਲੋਕ ਜ਼ਖਮੀ ਹੋਏ ਹਨ।

ਉਸ ਸਮੇ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਮਾਰਤ ਦੇ ਮਲਬੇ ਹੇਠਾਂ ਕਈ ਲੋਕ ਦੱਬੇ ਹੋਏ ਹਨ। ਮਲਬੇ ਨੂੰ ਹਟਾਉਣ ਅਤੇ ਉੱਥੇ ਫਸੇ ਕਿਸੇ ਵੀ ਵਿਅਕਤੀ ਨੂੰ ਬਚਾਉਣ ਲਈ ਦੋ ਐਕਸੈਵੇਟਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਬੰਬ ਨਿਰੋਧਕ ਯੂਨਿਟ (ਬੀਡੀਯੂ) ਧਮਾਕੇ ਵਾਲੀ ਥਾਂ ‘ਤੇ ਪਹੁੰਚ ਗਿਆ ਹੈ। ਪੁਲਿਸ ਅਤੇ ਰੇਂਜਰ ਅਧਿਕਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਪੁਲਿਸ ਵੱਲੋਂ ਆਪਣੀ ਸਰਚ ਮੁਹਿੰਮ ਪੂਰਾ ਕਰਨ ਤੋਂ ਬਾਅਦ BDU ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਸਕੇਗਾ ਅਤੇ ਰਾਹਤ ਅਤੇ ਬਚਾਅ ਕਾਰਜ ਵੀ ਜਾਰੀ ਹਨ।












