ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਅੱਜ ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਤੋਂ ਬਾਅਦ ਕੇਜਰੀਵਾਲ ਅਤੇ ਮਾਨ ਦਾ ਰੋਡ ਸ਼ੋਅ ਹੋਇਆ। ਕਰੀਬ 1 ਕਿਲੋਮੀਟਰ ਲੰਬਾ ਇਹ ਰੋਡ ਸ਼ੋਅ ਉੱਤਮਨਗਰ ਨੇੜੇ ਖੋੜਿਆਰ ਮੰਦਿਰ ਤੋਂ ਸ਼ੁਰੂ ਹੋ ਕੇ ਬਾਪੂਨਗਰ ਪੁਲ ‘ਤੇ ਸਮਾਪਤ ਹੋਇਆ। ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਗੁਜਰਾਤੀ ਭਾਸ਼ਾ ‘ਚ ‘ਮਜਾ ਮਾ’ (ਠੀਕ ਹੋ) ਕਹਿ ਕੇ ਲੋਕਾਂ ਨੂੰ ਸੰਬੋਧਨ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਮੈਂ ਭਾਜਪਾ ਜਾਂ ਕਾਂਗਰਸ ਨੂੰ ਹਰਾਉਣ ਨਹੀਂ ਆਇਆ, ਸਗੋਂ ਗੁਜਰਾਤ ਅਤੇ ਗੁਜਰਾਤੀਆਂ ਨੂੰ ਜਿੱਤਣ ਆਇਆ ਹਾਂ। ਆਮ ਆਦਮੀ ਪਾਰਟੀ ਨੂੰ ਮੌਕਾ ਦਿਓ। ਭਾਜਪਾ ਨੇ ਇਥੇ 25 ਸਾਲਾਂ ਤੋਂ ਰਾਜ ਕੀਤਾ ਹੈ, ਪਰ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ । ਹੁਣ ਤੁਸੀਂ ਸਾਨੂੰ ਇੱਕ ਮੌਕਾ ਦਿਓ। ਜੇ ਤੁਹਾਨੂੰ ਸਾਡੇ ਪੰਜ ਸਾਲ ਚੰਗੇ ਨਹੀਂ ਲੱਗੇ ਤਾਂ ਸਾਨੂੰ ਵੀ ਬਦਲ ਦਿਓ।
ਪੰਜਾਬ ਦੇ ਮੁਖ ਮੰਤਰੀ ਮਾਨ ਨੇ ਕਿਹਾ ਕਿ ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਹਨ। ਇਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤੁਹਾਡੀ ਦੇਸ਼ ਭਗਤੀ ਵਿੱਚ ਕੋਈ ਕਮੀ ਨਹੀਂ ਹੈ। ਅਰਵਿੰਦ ਕੇਜਰੀਵਾਲ ਲਈ ਭੀੜ ਅਤੇ ਤਿਰੰਗਾ ਕੋਈ ਨਵੀਂ ਗੱਲ ਨਹੀਂ ਹੈ। ਦਿੱਲੀ ਤੇ ਪੰਜਾਬ ਹੋ ਗਿਆ ਹੈ, ਹੁਣ ‘ਸਾਡਾ ਗੁਜਰਾਤ’ ਕਹਿਣ ਦੀ ਸਾਡੀ ਵਾਰੀ ਹੈ। ਦੱਸ ਦਈਏ ਕਿ ਗੁਜਰਾਤ ਦੌਰੇ ‘ਤੇ ਪਹੁੰਚੇ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਾਬਰਮਤੀ ਆਸ਼ਰਮ ਜਾ ਕੇ ਚਰਖਾ ਕੱਤਿਆ। ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਚਰਖਾ ਕੱਤਣ ‘ਤੇ ਵਿਰੋਧੀ ਪਾਰਟੀਆਂ ਵੱਲੋ ਤੰਜ ਕੱਸੇ ਜਾ ਰਹੇ ਹਨ।












