ਹਰਿਆਣਾ ਦੇ ਸਾਬਕਾ ਮੰਤਰੀ ਤੇ ‘ਆਪ’ ਆਗੂ ਨਿਰਮਲ ਸਿੰਘ ਨੇ ਆਪਣੀਆਂ ਚਾਰ ਵਿੱਚੋਂ ਤਿੰਨ ਪੈਨਸ਼ਨਾਂ ਛੱਡਣ ਦਾ ਐਲਾਨ ਕੀਤਾ ਹੈ। ਨਿਰਮਲ ਸਿੰਘ ਨੇ ਕਿਹਾ ਕਿ ਉਹ ਹੁਣ ਸਿਰਫ਼ ਇੱਕ ਹੀ ਪੈਨਸ਼ਨ ਲੈਣਗੇ। ਉਨ੍ਹਾਂ ਨੇ ਕਿਹਾ ਕਿ “ਮੈਂ ਅੱਜ ਤੋਂ ਐਲਾਨ ਕਰਦੇ ਹਾਂ ਕਿ ‘ਆਪ’ ਆਗੂ ਇੱਕ ਤੋਂ ਵੱਧ ਪੈਨਸ਼ਨ ਨਹੀਂ ਲਵੇਗਾ। ਮੈਂ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਭੇਜ ਕੇ ਮੇਰੀਆਂ ਤਿੰਨ ਪੈਨਸ਼ਨਾਂ ਰੋਕਣ ਦੀ ਬੇਨਤੀ ਕਰ ਰਿਹਾ ਹਾਂ।”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਸਾਬਕਾ ਮੰਤਰੀ ਅਤੇ ਆਪ ਆਗੂ ਨਿਰਮਲ ਸਿੰਘ ਨੂੰ ਆਪਣੀਆਂ ਤਿੰਨ ਪੈਨਸ਼ਨਾਂ ਛੱਡਣ ਦੇ ਐਲਾਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਬਾਰੇ ਟਵੀਟ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਅਸੀਂ ਰਾਜਨੀਤੀ ਵਿੱਚ ਸੇਵਾ ਕਰਨ ਆਏ ਹਾਂ, ਪੈਸਾ ਕਮਾਉਣ ਲਈ ਨਹੀਂ। ਸਾਡੀ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਹੁਣ ਤੋਂ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੇਗੀ। ਮੈਨੂੰ ਉਮੀਦ ਹੈ ਕਿ ਹਰਿਆਣਾ ਸਰਕਾਰ ਵੀ ਅਜਿਹਾ ਹੁਕਮ ਦੇਣ ਦੀ ਹਿੰਮਤ ਕਰ ਸਕੇਗੀ।
ਦੱਸ ਦੇਈਏ ਕਿ ਨਿਰਮਲ ਸਿੰਘ ਅੰਬਾਲਾ ਦੇ ਨੰਗਲ ਤੋਂ ਚਾਰ ਵਾਰ ਵਿਧਾਇਕ ਅਤੇ ਦੋ ਵਾਰ ਸਾਬਕਾ ਮੰਤਰੀ ਰਹਿ ਚੁੱਕੇ ਹਨ। ਨਿਰਮਲ ਸਿੰਘ ਕੁਝ ਦਿਨ ਪਹਿਲਾਂ ਹੀ ਆਪਣੀ ਬੇਟੀ ਚਿਤਰਾ ਸਰਵਰਾ ਨਾਲ ‘ਆਪ’ ‘ਚ ਸ਼ਾਮਲ ਹੋਏ ਸਨ। ਵਿਧਾਨ ਸਭਾ ਚੋਣਾਂ 2019 ‘ਚ ਕਾਂਗਰਸ ਤੋਂ ਟਿਕਟ ਨਾ ਮਿਲਣ ‘ਤੇ ਦੋਵੇਂ ਪਿਓ-ਧੀ ਨੇ ਕੈਂਟ ਅਤੇ ਸਿਟੀ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਸੀ। ਦੋਵੇਂ ਚੋਣ ਹਾਰ ਗਏ ਸਨ।












