ਦੁਨੀਆ ਵਿੱਚ ਬਹੁਤ ਸਾਰੇ ਕਾਰੋਬਾਰੀ ਅਜਿਹੇ ਹਨ ਜਿਨ੍ਹਾਂ ਕੋਲ ਕਰੋੜਾਂ ਅਤੇ ਅਰਬਾਂ ਦੀ ਜਾਇਦਾਦ ਹੈ ਕਿਉਂਕਿ ਉਹ ਆਪਣੇ ਕਾਰੋਬਾਰ ਤੋਂ ਬੇਸ਼ੁਮਾਰ ਪੈਸਾ ਕਮਾ ਰਹੇ ਹਨ। ਉਨ੍ਹਾਂ ਨੂੰ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ, ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਅੱਗੇ ਲੈ ਜਾ ਸਕਣ, ਪਰ ਜ਼ਰਾ ਸੋਚੋ ਜੇਕਰ ਘਰ ਬੈਠੇ ਹੀ ਅਰਬਾਂ ਰੁਪਏ ਦੀ ਦੌਲਤ ਮਿਲ ਜਾਵੇ ਤਾਂ ਕੀ ਹੋਵੇਗਾ? ਅਸੀਂ ਵਪਾਰੀ ਦੇ ਵਾਰਸਾਂ ਦੀ ਗੱਲ ਨਹੀਂ ਕਰ ਰਹੇ, ਅਸੀਂ ਲਾਟਰੀ ਦੀ ਗੱਲ ਕਰ ਰਹੇ ਹਾਂ। ਜੀ ਹਾਂ, ਦੁਨੀਆ ਵਿਚ ਅਜਿਹੇ ਲੋਕ ਵੀ ਹਨ ਜੋ ਲਾਟਰੀ ਰਾਹੀਂ ਕਰੋੜਪਤੀ ਅਤੇ ਅਰਬਪਤੀ ਬਣ ਗਏ ਹਨ। ਅਜਿਹਾ ਹੀ ਇਕ ਵਿਅਕਤੀ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ, ਜਿਸ ਨੇ ਲਾਟਰੀ ‘ਚ 7 ਹਜ਼ਾਰ ਕਰੋੜ ਰੁਪਏ ਜਿੱਤੇ ਹਨ।
ਅਸਲ ਵਿੱਚ ਵਿਅਕਤੀ ਨੇ ਲਾਟਰੀ ਵਿਚ 842 ਮਿਲੀਅਨ ਡਾਲਰ ਯਾਨੀ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜਿੱਤੀ ਹੈ ਅਤੇ ਉਹ ਵੀ ਨਵੇਂ ਸਾਲ ਦੇ ਮੌਕੇ ‘ਤੇ। ਮਾਮਲਾ ਅਮਰੀਕਾ ਦੇ ਮਿਸ਼ੀਗਨ ਦਾ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਅਨੁਸਾਰ ਵਿਅਕਤੀ ਨੇ ਮਿਸ਼ੀਗਨ ਵਿੱਚ ਇੱਕ ਫੂਡ ਕੈਸਲ ਕਰਿਆਨੇ ਦੀ ਦੁਕਾਨ ਤੋਂ ਪਾਵਰਬਾਲ ਲਾਟਰੀ ਦੀ ਟਿਕਟ ਖਰੀਦੀ ਸੀ। ਇਸ ਦਾ ਲਾਟਰੀ ਡਰਾਅ ਪਿਛਲੇ ਸੋਮਵਾਰ ਯਾਨੀ 1 ਜਨਵਰੀ 2024 ਨੂੰ ਕੱਢਿਆ ਗਿਆ ਸੀ। ਇਸ ਵਿੱਚ ਵਿਅਕਤੀ ਨੇ $842.4 ਮਿਲੀਅਨ ਦਾ ਜੈਕਪਾਟ ਜਿੱਤਿਆ, ਜੋ ਕਿ ਲਾਟਰੀ ਇਤਿਹਾਸ ਵਿੱਚ 10ਵਾਂ ਸਭ ਤੋਂ ਵੱਡਾ ਇਨਾਮ ਹੈ।












