ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਭਾਜਪਾ ਗਠਜੋੜ ਸਰਕਾਰ ‘ਤੇ ਫਸਲ ਬੀਮੇ ਦੇ ਨਾਂ ‘ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਦੇ ਸਾਢੇ ਅੱਠ ਹਜ਼ਾਰ ਤੋਂ ਵੱਧ ਕਿਸਾਨ ਅਜਿਹੇ ਹਨ, ਜੋ ਖੇਤੀਬਾੜੀ ਵਿਭਾਗ ਤੋਂ ਪਿਛਲੇ ਪੰਜ ਸਾਲਾਂ ਤੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਕੇ ਥੱਕ ਗਏ ਹਨ, ਪਰ ਉਨ੍ਹਾਂ ਨੂੰ ਹਾਲੇ ਤੱਕ ਨੁਕਸਾਨੀ ਫ਼ਸਲ ਦੀ ਬੀਮੇ ਦੀ ਰਾਸ਼ੀ ਨਹੀਂ ਮਿਲੀ, ਜੋ ਕਿ ਕਰੀਬ ਡੇਢ ਸੌ ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਫਸਲ ਦੀ ਬੀਮਾ ਰਾਸ਼ੀ ਤੁਰੰਤ ਦੇਵੇ।
ਅਭੈ ਚੌਟਾਲਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਕਿਸਾਨ ਕਰਜ਼ਾ ਲੈ ਕੇ ਕਿੰਨੀ ਮਿਹਨਤ ਨਾਲ ਫਸਲ ਬੀਜਦੇ ਹਨ ਅਤੇ ਇਸ ਉਮੀਦ ਵਿੱਚ ਆਪਣਾ ਖੂਨ-ਪਸੀਨਾ ਵਹਾਉਂਦੇ ਹਨ ਕਿ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਉਸ ਨੂੰ ਚੰਗੇ ਭਾਅ ‘ਤੇ ਵੇਚਣ ਤੋਂ ਲੈ ਕੇ ਕਰਜ਼ਾ ਉਤਾਰਨ ਤੋਂ ਬਾਅਦ ਬੱਚਿਆਂ ਦਾ ਵਿਆਹ ਕਰੇਗਾ। ਪਰ ਜੇਕਰ ਕਿਸੇ ਕਾਰਨ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਅੱਜ ਸੂਬੇ ਦੀ ਭਾਜਪਾ ਗੱਠਜੋੜ ਸਰਕਾਰ ਵਿੱਚ ਕਿਸਾਨਾਂ ਦੀ ਦੁਰਦਸ਼ਾ ਨੂੰ ਸਮਝਣ ਵਾਲਾ ਕੋਈ ਨਹੀਂ ਹੈ।
ਬੀਜੇਪੀ ਗਠਜੋੜ ਸਰਕਾਰ ਨੇ ਫ਼ਸਲੀ ਬੀਮੇ ਤਹਿਤ ਪ੍ਰਾਪਤ ਰਾਸ਼ੀ ਦੇ ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਤੇ ਸੂਬਾ ਪੱਧਰੀ ਕਮੇਟੀ ਬਣਾਈ ਹੈ। ਇਨ੍ਹਾਂ ਕਮੇਟੀਆਂ ਦੀ ਢਿੱਲਮੱਠ ਅਤੇ ਕਿਸਾਨ ਵਿਰੋਧੀ ਕੰਮਕਾਜ ਇਸ ਗੱਲ ਤੋਂ ਦੇਖਿਆ ਜਾ ਸਕਦਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਇਨ੍ਹਾਂ ਕੋਲ ਸਾਢੇ ਗਿਆਰਾਂ ਹਜ਼ਾਰ ਦੇ ਕਰੀਬ ਅਜਿਹੇ ਕੇਸ ਆਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਤਿੰਨ ਹਜ਼ਾਰ ਕੇਸਾਂ ਦਾ ਹੀ ਨਿਪਟਾਰਾ ਹੋਇਆ ਹੈ।