- ਭਗਵੰਤ ਮਾਨ ਨੇ ਸ਼ਰਾਬ ਪੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ, ਅਜਿਹੇ ਨਸ਼ੇੜੀ ਨੂੰ ਮੁੱਖ ਮੰਤਰੀ ਬਣਾਉਣਾ ਕੇਜਰੀਵਾਲ ਦੀ ਪੰਜਾਬ ਪ੍ਰਤੀ ਕੋਝੀ ਸਾਜ਼ਿਸ਼: ਜੀਵਨ ਗੁਪਤਾ
ਚੰਡੀਗੜ੍ਹ: 19 ਜਨਵਰੀ 2022 – ਬੀਜੇਪੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ‘ਤੇ ਅਰਵਿੰਦ ਕੇਜਰੀਵਾਲ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਸ ਭਗਵੰਤ ਮਾਨ ਨੇ ਸ਼ਰਾਬ ਪੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਜਾ ਰਿਹਾ ਹੈ।
ਪੰਜਾਬ ਦੀ ਸਿਆਸਤ ਵਿੱਚ ਇਸ ਤੋਂ ਵੱਧ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ? ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਇੱਕ ਭੋਗ ਦੇ ਸਮਾਗਮ ਦੌਰਾਨ ਸ਼ਰਾਬ ਪੀ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਹੁੰਚ ਕੇ ਬੇਅਦਬੀ ਕੀਤੀ ਸੀ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਹਨ। ਇੰਨਾ ਹੀ ਨਹੀਂ ਦਿੱਲੀ ਸੰਸਦ ‘ਚ ਕਈ ਵਾਰ ਸ਼ਰਾਬ ਪੀਤੇ ਮਾਨ ਨੂੰ ਉਥੇ ਤਾਇਨਾਤ ਮਾਰਸ਼ਲਾਂ ਨੇ ਫੜਿਆ ਹੈ। ਭਗਵੰਤ ਮਾਨ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਕੋਈ ਵੀ ਪਾਰਟੀ ਉਨ੍ਹਾਂ ਨੂੰ ਅਪਣਾਉਣਾ ਨਹੀਂ ਚਾਹੁੰਦੀ।
ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਵਰਗੇ ਨਸ਼ੇੜੀ ਵਿਅਕਤੀ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣਾ ਕੇਜਰੀਵਾਲ ਦੀ ਪੰਜਾਬ ਪ੍ਰਤੀ ਕੋਝੀ ਸਾਜ਼ਿਸ਼ ਹੈ। ਕੇਜਰੀਵਾਲ ਕੋਲ ਪਾਰਟੀ ਦਾ ਵਨ ਮੈਨ ਸ਼ੋ ਭਗਵੰਤ ਮਾਨ ਹੀ ਹੈ ਅਤੇ ਪਾਰਟੀ ਵਿੱਚ ਇੱਕੋ ਇੱਕ ਚਿਹਰਾ ਉਪਲਬਧ ਹੈ। ਕੇਜਰੀਵਾਲ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਬਾਕੀ ਸਾਰੇ ਵੱਡੇ ਲੀਡਰ ਆਪ ਨੂੰ ਛੱਡ ਗਏ ਹਨ, ਸਿਰਫ ਭਗਵੰਤ ਮਾਨ ਹੀ ਰਹਿ ਗਿਆ ਹੈ।
ਇਸ ਲਈ ਉਹ ਇਕੱਲਾ ਹੈ – ਐਮਪੀ, ਐਮਐਲਏ, ਮੁੱਖ ਮੰਤਰੀ। ਗੁਪਤਾ ਨੇ ਕਿਹਾ ਕਿ ਮਾਨ ਦੀ ਨਾਮਜ਼ਦਗੀ ਲਈ ਕੀਤੇ ਸਰਵੇਖਣ ਨੂੰ ਕੇਜਰੀਵਾਲ ਦਾ ਵੱਡਾ ਧੋਖਾ ਅਤੇ ਡਰਾਮਾ ਸੀ। ਇਹ ਅਰਵਿੰਦ ਕੇਜਰੀਵਾਲ ਨੂੰ ਪ੍ਰੋਜੈਕਟ ਕਰਨ ਦਾ ਢੰਗ ਸੀ। ਪਰ ਪੰਜਾਬ ਦੇ ਲੋਕ ਕਦੇ ਵੀ ਬਾਹਰਲੇ ਆਦਮੀ ਨੂੰ ਸਿਰ ‘ਤੇ ਨਹੀਂ ਬਿਠਾਉਂਦੇ। ਇਸ ਲਈ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਮੀਡੀਆ ਰਾਹੀਂ ਦਬਾਅ ਬਣਾ ਕੇ ਕੇਜਰੀਵਾਲ ਨੂੰ ਦੁਤਕਾਰ ਦਿੱਤਾ।
ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਹਨ। ਪੰਜਾਬ ਦੀ ਜਵਾਨੀ ਪਹਿਲਾਂ ਹੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ ਹੈ। ਕਿਉਂਕਿ ਜਿਸ ਸੂਬੇ ਦਾ ਮੁੱਖ ਮੰਤਰੀ ਖੁਦ ਨਸ਼ੇੜੀ ਹੋਵੇ, ਉਸ ਸੂਬੇ ਦਾ ਭਵਿੱਖ ਕੀ ਹੋਵੇਗਾ ? ਉਸ ਦਾ ਪੰਜਾਬ ਦੀ ਜਵਾਨੀ ‘ਤੇ ਮਾੜਾ ਅਸਰ ਪਵੇਗਾ। ਉਸ ਦੀ ਨਾਮਜ਼ਦਗੀ ਨੂੰ ਲੈ ਕੇ ਵੀ ਆਪ ਵਰਕਰਾਂ ਅਤੇ ਜਨਤਾ ਦੇ ਦਿਲਾਂ ਵਿੱਚ ਨਾਰਾਜ਼ਗੀ ਹੈ। ਰਾਜਨੀਤੀ ਵਿੱਚ ਉਸਦੀ ਪ੍ਰਸਿੱਧੀ ਇੱਕ ਜੋਕਰ ਅਤੇ ਦੰਗਾਕਾਰੀ ਦੇ ਵਜੋਂ ਹੈ। ਕੋਈ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।
ਜੀਵਨ ਗੁਪਤਾ ਨੇ ਕਿਹਾ ਕਿ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਣ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗੁਵਾਈ ਵਿੱਚ ਭਾਜਪਾ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਹੈI ਇਸੇ ਲਈ ਪੰਜਾਬ ਦੇ ਲੋਕਾਂ ਨੇ ਸੂਬੇ ਵਿੱਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਦਾ ਫਤਵਾ ਦਿੱਤਾ ਹੈ। ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਭਾਜਪਾ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕਰੇਗੀ ਉਹ ਪੂਰੇ ਕਰੇਗੀ।












