ਚੰਡੀਗੜ੍ਹ, 30 ਜਨਵਰੀ 2022 – ਤਿੰਨ ਦਿਨ ਪਹਿਲਾਂ 27 ਜਨਵਰੀ ਪੰਜਾਬ ਦੌਰੇ ‘ਤੇ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਜੇਬ ਕੱਟੀ ਗਈ ਸੀ। ਇਸ ਮਾਮਲੇ ‘ਚੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਆਹਮੋ-ਸਾਹਮਣੇ ਹੋਏ ਹਨ। ਜਿਸ ‘ਤੇ ਕੇਂਦਰ ‘ਚ ਮੰਤਰੀ ਰਹਿ ਚੁੱਕੀ ਅਕਾਲੀ ਆਗੂ ਹਰਸਿਮਰਤ ਬਾਦਲ ਨੇ ਟਵੀਟ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਦੇ ਨਜ਼ਦੀਕ ਸਿਰਫ਼ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਹੀ ਹਨ। ਫਿਰ ਜੇਬ ਕਿਵੇਂ ਕੱਟੀ ਗਈ ? ਕੀ ਇਹ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ ? ਇਸ ਦੇ ਜਵਾਬ ਵਿੱਚ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਦੀਆਂ ਜੇਬਾਂ ਕੱਟੀਆਂ ਹਨ।
ਜਿਸ ਦੇ ਜਵਾਬ ‘ਚ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਹਰਸਿਮਰਤ ਬਾਦਲ ਦੇ ਅੰਗਰੇਜ਼ੀ ਟਵੀਟ ਦਾ ਪੰਜਾਬੀ ਵਿੱਚ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਹਰਸਿਮਰਤ ਜੀ, ਜਦੋਂ ਅਜਿਹਾ ਹੋਇਆ ਹੀ ਨਹੀਂ ਤਾਂ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣਾ ਗੁਰੂਘਰ ਦੀ ਬੇਅਦਬੀ ਹੈ। ਚੋਣ ਵਿਰੋਧ ਜਾਰੀ ਰਹਿਣਗੇ ਪਰ ਤੁਹਾਨੂੰ ਜ਼ਿੰਮੇਵਾਰੀ ਅਤੇ ਸਮਝਦਾਰੀ ਦਿਖਾਉਣੀ ਚਾਹੀਦੀ ਹੈ। ਮੋਦੀ ਸਰਕਾਰ ਦੇ ਮੰਤਰੀ ਮੰਡਲ ‘ਚ ਬੈਠ ਕੇ ਕਾਲੇ ਕਾਨੂੰਨਾਂ ‘ਤੇ ਮੋਹਰ ਲਾਉਣਾ ਕਿਸਾਨਾਂ ਦੀਆਂ ਜੇਬਾਂ ਕੱਟਣ ਦੇ ਬਰਾਬਰ ਹੈ।












