ਨਵੀ ਦਿੱਲੀ, 21 ਜਨਵਰੀ 2022 – ਰੇਤ ਦੀ ਨਾਜਾਇਜ਼ ਮਾਈਨਿੰਗ ‘ਚ ਸੀ.ਐਮ ਚਰਨਜੀਤ ਚੰਨੀ ਦੇ ਭਤੀਜੇ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਰੇਡ ਤੋਂ ਬਾਅਦ ਹੁਣ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਇਕ ਵਾਰ ਫੇਰ ਨੇ ਸੀਐਮ ਚੰਨੀ ‘ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡਾ ਸਰਵੇ ਦੱਸ ਰਿਹਾ ਹੈ ਕਿ ਚੰਨੀ ਚਮਕੌਰ ਸਾਹਿਬ ਸੀਟ ਤੋਂ ਹਾਰ ਰਹੇ ਹਨ। ਈਡੀ ਦੇ ਅਫਸਰਾਂ ਨੂੰ ਟੀਵੀ ‘ਤੇ ਨੋਟਾਂ ਦੇ ਇੰਨੇ ਵੱਡੇ ਬੰਡਲ ਗਿਣਦੇ ਦੇਖ ਕੇ ਲੋਕ ਹੈਰਾਨ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੀਐਮ ਚੰਨੀ ਨੂੰ ਘੇਰਿਆ ਹੈ। ਪਹਿਲਾਂ ਉਹ ਕਹਿ ਚੁੱਕੇ ਹਨ ਕਿ ਚੰਨੀ ਆਮ ਆਦਮੀ ਨਹੀਂ ਸਗੋਂ ਬੇਈਮਾਨ ਆਦਮੀ ਹੈ।
ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਈਡੀ ਦੇ ਛਾਪੇ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ। ਚੰਨੀ ਨੇ ਖੁਦ 5 ਮੰਤਰੀਆਂ ਨੂੰ ਨਾਲ ਲਿਆ ਕੇ ਕਾਨਫਰੰਸ ਕੀਤੀ। ਇਸ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦਾ ਬਦਲਾ ਲਿਆ ਜਾ ਰਿਹਾ ਹੈ। ਅਸਲ ਵਿੱਚ ਈਡੀ ਮੈਨੂੰ ਫਸਾਉਣਾ ਚਾਹੁੰਦੀ ਹੈ। ਹਲਾਂਕਿ ਵਿਰੋਧੀ ਚੰਨੀ ਤੋਂ ਵਾਰ-ਵਾਰ ਪੁੱਛ ਰਹੇ ਹਨ ਕਿ ਭਤੀਜੇ ਤੋਂ ਮਿਲੇ 10 ਕਰੋੜ ਰੁਪਏ ਕਿਸ ਦੇ ਸਨ। ਇਸ ਤੋਂ ਬਾਅਦ ਕਾਂਗਰਸ ਨੇ ਇਸ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਹੈ।
ਈਡੀ ਨੇ ਮੁੱਖ ਮੰਤਰੀ ਦੇ ਭਤੀਜੇ ਅਤੇ ਉਨ੍ਹਾਂ ਦੇ ਸਾਥੀਆਂ ਤੋਂ 10 ਕਰੋੜ ਨਕਦ, 12 ਲੱਖ ਦੀ ਰੋਲੇਕਸ ਘੜੀ, 21 ਲੱਖ ਦਾ ਸੋਨਾ ਸਮੇਤ ਕੁਝ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।












