ਚੰਡੀਗੜ੍ਹ, 29 ਜਨਵਰੀ 2022 – ਪੰਜਾਬ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਹੁਣ ਮਹਿਲਾ ਕਾਂਗਰਸ ਵੀ ਮੈਦਾਨ ‘ਚ ਕੁੱਦ ਪਈ ਹੈ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕਾਂਗਰਸ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਜਿਹੜੀਆਂ ਕਾਂਗਰਸੀ ਮਹਿਲਾਵਾਂ ਨੇ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਮੰਗ ਕੀਤੀ ਹੈ, ਉਨ੍ਹਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਟਿਕਟ ਲਈ 12 ਮਹਿਲਾਵਾਂ ਨੇ ਅਪਲਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਸਤਵਿੰਦਰ ਬਿੰਟੀ ਦੀ ਸਾਹਨੇਵਾਲ ਤੋਂ ਟਿਕਟ ਕੱਟੀ ਗਈ ਹੈ।
ਸੂਬਾ ਮਹਿਲਾ ਕਾਂਗਰਸ ਦਾ ਦੋਸ਼ ਲਾਉਂਦਿਆਂ ਕਿਹਾ ਜੇ ਯੂ.ਪੀ. ਵਿੱਚ ਇੱਕ ਕੁੜੀ ਲੜ ਸਕਦੀ ਹੈ ਤਾਂ ਪੰਜਾਬ ਦੀਆਂ ਔਰਤਾਂ ਵੀ ਲੜਨਾ ਚਾਹੁੰਦੀਆਂ ਹਨ ਅਤੇ ਆਪਣੇ ਹੱਕ ਮੰਗਦੀਆਂ ਹਨ।
ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਜੇਕਰ ਕਾਂਗਰਸ ਇਸ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰਨਾ ਚਾਹੁੰਦੀ ਹੈ ਤਾਂ ਇਸ ਇਕਾਈ ਨੂੰ ਭੰਗ ਕਰੇ। ਕਾਂਗਰਸ ਦੇ ਸੰਸਦ ਮੈਂਬਰਾਂ ਕੋਲ ਸਾਨੂੰ ਮਿਲਣ ਦਾ ਸਮਾਂ ਨਹੀਂ ਹੈ, ਫਿਰ ਅਜਿਹੀ ਸੰਸਥਾ ਦਾ ਕੀ ਫਾਇਦਾ ? ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਬਾਕੀ 8 ਟਿਕਟਾਂ ਮਹਿਲਾ ਕਾਂਗਰਸ ਨਾਲ ਸਬੰਧਤ ਮਹਿਲਾ ਆਗੂਆਂ ਨੂੰ ਦਿੱਤੀਆਂ ਜਾਣ।
ਬਲਵੀਰ ਰਾਣੀ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਅਤੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਔਰਤਾਂ ਨੂੰ ਤਰਜੀਹ ਮਿਲੇਗੀ। ਸਤਵਿੰਦਰ ਬਿੱਟੀ ਦਾ ਪ੍ਰਚਾਰ ਕਰਨ ਲਈ ਸਿੱਧੂ ਸਾਹਨੇਵਾਲ ਵੀ ਗਏ ਸਨ ਪਰ ਉਨ੍ਹਾਂ ਨੂੰ ਟਿਕਟ ਵੀ ਨਹੀਂ ਮਿਲੀ। ਪੰਜਾਬ ਵਿੱਚ 50 ਫੀਸਦੀ ਵੋਟਾਂ ਹੋਣ ਦੇ ਬਾਵਜੂਦ ਔਰਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।












