ਐਸ ਏ ਐਸ ਨਗਰ, ਜੁਲਾਈ 16 : ਪੰਜਾਬ ਕੈਬਨਿਟ ਮੰਤਰੀ ਅਤੇ ਹਲਕਾ ਖਰੜ ਤੋਂ ਵਿਧਾਇਕ ਮੈਡਮ ਅਨਮੋਲ ਗਗਨ ਮਾਨ ਹਲਕਾ ਵਾਸੀਆਂ ਨਾਲ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਨਿਊ ਚੰਡੀਗਡ਼੍ਹ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਕੈਬਨਿਟ ਮੰਤਰੀ ਬਣਨ ਤੇ ਮੈਡਮ ਅਨਮੋਲ ਗਗਨ ਮਾਨ ਆਪਣੇ ਪਰਿਵਾਰ ਤੇ ਹਲਕਾ ਵਾਸੀਆਂ ਨਾਲ ਗੁਰਦੁਆਰਾ ਸਾਹਿਬ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਸ਼ੁਕਰਾਨਾ ਵਜੋਂ ਅਰਦਾਸ ਕਾਰਵਾਈ ਗਈ ਅਤੇ ਗੁਰੂ ਦੀ ਬਾਣੀ ਦੇ ਕੀਰਤਨ ਦਾ ਅਨੰਦ ਵੀ ਮਾਣਿਆ। ਇਸ ਮੌਕੇ ਉਨ੍ਹਾਂ ਨੇ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਅਤੇ ਉਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਖਰੜ ਦੇ ਬਜ਼ੁਰਗਾਂ ਅਤੇ ਮਾਤਾਵਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ।

ਇਸ ਮੌਕੇ ਕੈਬਨਿਟ ਮੰਤਰੀ ਨੇ ਆਏ ਸਾਰੇ ਹਲਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹਲਕੇ ਦੇ ਲੋਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਸਦਕਾ ਉਨਾਂ ਨੂੰ ਕੈਬਿਨੇਟ ਮੰਤਰੀ ਬਣਨ ਅਤੇ ਹਲਕੇ ਦਾ ਵਿਕਾਸ ਕਰਨ ਦਾ ਮੌਕਾ ਮਿਲਿਆ ਇਸ ਦੋਰਾਨ ਉਨ੍ਹਾਂ ਸਮੂਹ ਹਲਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਰੜ ਹਲਕੇ ਦੇ ਵਿਕਾਸ ਸੰਬੰਧੀ ਸਾਰੇ ਕੰਮ ਜਲਦੀ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਖਰੜ ਵਿੱਚ ਪਾਣੀ ਅਤੇ ਸੀਵਰੇਜ ਦੀ ਕਾਫੀ ਸਮੱਸਿਆ ਹੈ ਜਿਸ ਨੂੰ ਹੱਲ ਕਰਨ ਲਈ 7 ਕਰੋੜ ਰੁਪਏ ਦਾ ਪ੍ਰੋਜੈਕਟ ਬਣ ਰਿਹਾ ਹੈ ਜਿਸ ਨੂੰ ਜਲਦੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਖਰੜ ਹਲਕੇ ਦੇ ਲੋਕਾਂ ਦੀ ਹਰ ਪੱਧਰ ਤੇ ਮਦਦ ਕਰਨ ਲਈ ਖਰੜ, ਕੁਰਾਲੀ ਅਤੇ ਮਾਜਰੀ ਵਿੱਚ ਦਫ਼ਤਰ ਖੋਲ੍ਹੇ ਗਏ ਹਨ ਅਤੇ ਨਵਾਂ ਗਾਓ ਵਿੱਚ ਵੀ ਜਲਦ ਹੀ ਦਫ਼ਤਰ ਖੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਲੋਕਾਂ ਦੇ ਕੰਮ ਕਰਨ ਲਈ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਹੈ ਅਤੇ ਜੇਕਰ ਕਿਤੇ ਅਜਿਹਾ ਹੁੰਦਾ ਹੈ ਤਾਂ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਸਾਬਿਤ ਹੋਣ ਤੇ ਉਸ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।











