ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ ਅਡਾਨੀ ਸਮੂਹ ਦੇ ਮੁੰਬਈ ਦੇ ਦੋ ਹਵਾਈ ਅੱਡਿਆਂ ਦੇ ਖਾਤਿਆਂ ਦੀ ਜਾਂਚ ਕਰ ਰਿਹਾ ਹੈ। ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਨੇ ਬੀਤੇ ਸ਼ੁੱਕਰਵਾਰ ਨੂੰ ਬਾਜ਼ਾਰ ਰੈਗੂਲੇਟਰੀ ਸੇਬੀ ਨੂੰ ਐਕਸਚੇਂਜ ਫਾਈਲਿੰਗ ‘ਚ ਇਹ ਜਾਣਕਾਰੀ ਦਿੱਤੀ।
ਅਡਾਨੀ ਇੰਟਰਪ੍ਰਾਈਜਿਜ਼ ਨੇ ਕਿਹਾ ਕਿ ਮੰਤਰਾਲੇ ਨੇ ਵਿੱਤੀ ਸਾਲ 2017-18 ਤੋਂ ਵਿੱਤੀ ਸਾਲ 2021-22 ਤੱਕ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (MIAL) ਅਤੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (NMIAL) ਤੋਂ ਜਾਣਕਾਰੀ ਮੰਗੀ ਹੈ ਅਤੇ ਦਸਤਾਵੇਜ਼ ਮੰਗੇ ਹਨ। ਕੰਪਨੀ ਨੇ ਸੇਬੀ ਨੂੰ ਕਿਹਾ ਕਿ ਸਮੂਹ ਕਾਨੂੰਨੀ ਵਿਵਸਥਾਵਾਂ ਦੇ ਮੁਤਾਬਕ ਜਵਾਬ ਦੇਵੇਗਾ। ਅਡਾਨੀ ਸਮੂਹ ਇਸ ਸਮੇਂ ਦੇਸ਼ ਦੇ 7 ਸ਼ਹਿਰਾਂ ਵਿੱਚ ਹਵਾਈ ਅੱਡੇ ਚਲਾ ਰਿਹਾ ਹੈ। ਇਸ ਵਿੱਚ ਮੁੰਬਈ ਦੇ ਨਾਲ ਅਹਿਮਦਾਬਾਦ, ਲਖਨਊ, ਜੈਪੁਰ, ਮੰਗਲੁਰੂ, ਗੁਹਾਟੀ ਅਤੇ ਤਿਰੂਵਨੰਤਪੁਰਮ ਹਵਾਈ ਅੱਡੇ ਸ਼ਾਮਲ ਹਨ। ਇਸ ਤੋਂ ਇਲਾਵਾ ਗਰੁੱਪ ਨਵੀਂ ਮੁੰਬਈ ‘ਚ ਨਵਾਂ ਏਅਰਪੋਰਟ ਬਣਾ ਰਿਹਾ ਹੈ।












