- ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
- ਪੁਲਿਸ ਡਰਾਈਵਰ ਦੀ ਪਛਾਣ ਕਰਨ ‘ਚ ਜੁਟੀ
ਮੋਹਾਲੀ, 3 ਨਵੰਬਰ 2023 (ਬਲਜੀਤ ਮਰਵਾਹਾ) – ਮੋਹਾਲੀ ਦੇ ਜ਼ੀਰਕਪੁਰ ਵਿਖੇ ਪੀਰਮੁਛੱਲਾ ਇਲਾਕੇ ‘ਚ ਇਕ ਮਾਸੂਮ ਬੱਚੇ ਨੂੰ ਕਾਰ ਵੱਲੋਂ ਕੁਚਲਣ ਦਾ ਸੀ.ਸੀ.ਟੀ.ਵੀ. ਸਾਹਮਣੇ ਆਇਆ ਹੈ। ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ 4 ਸਾਲ ਦਾ ਬੱਚਾ ਗਲੀ ਦੇ ਬਾਹਰ ਖੇਡ ਰਿਹਾ ਸੀ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ।
ਉਸ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ ਸੀ। ਜਦੋਂ ਮ੍ਰਿਤਕ ਦਾ ਪਿਤਾ ਵਰਿੰਦਰ ਕੁਮਾਰ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਉਸ ਦੇ ਮੋਟਰਸਾਈਕਲ ਦਾ ਪਹੀਆ ਪੰਕਚਰ ਹੋ ਗਿਆ। ਫਿਰ ਉਥੋਂ ਜਾ ਰਿਹਾ ਪੰਚਕੂਲਾ ਸੈਕਟਰ-20 ਦਾ ਰਹਿਣ ਵਾਲਾ ਅਨਿਲ ਕੁਮਾਰ ਉਸ ਨੂੰ ਆਪਣੀ ਕਾਰ ਵਿਚ ਪੰਚਕੂਲਾ ਦੇ ਫੇਜ਼-6 ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਹਸਪਤਾਲ ਵਿੱਚ ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਪੁਲਸ ਅਗਲੀ ਕਾਰਵਾਈ ਕਰੇਗੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਕਾਰ ਨੇ ਬੱਚੇ ਨੂੰ ਕੁਚਲਿਆ, ਉਸ ਨੂੰ ਇਕ ਔਰਤ ਚਲਾ ਰਹੀ ਸੀ। ਸੜਕ ਦੇ ਇੱਕ ਪਾਸੇ ਇੱਕ ਗਾਂ ਬੈਠੀ ਸੀ। ਜਦਕਿ ਦੂਜੇ ਪਾਸੇ ਇਹ ਬੱਚਾ ਖੇਡ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਔਰਤ ਕਾਰ ਸਮੇਤ ਉਥੋਂ ਫਰਾਰ ਹੋ ਗਈ। ਪੁਲੀਸ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਗੱਡੀ ਦੇ ਨੰਬਰ ਦੇ ਆਧਾਰ ’ਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।