ਲੁਧਿਆਣਾ ‘ਚ ਜਲੰਧਰ ਬਾਈਪਾਸ ਨੇੜੇ ਸਥਿਤ ਪੈਟਰੋਲ ਪੰਪ ‘ਤੇ ਹੰਗਾਮਾ ਹੋ ਗਿਆ। ਤੇਲ ਭਰਨ ਆਏ ਗ੍ਰਾਹਕ ਨੇ ਪੰਪ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬਾਈਕ ਸਵਾਰ ਨੇ ਮੁਲਾਜ਼ਮਾਂ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਮੁਲਾਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਦੱਸ ਦਈਏ ਕਿ ਹਮਲੇ ਵਿੱਚ ਕੈਸ਼ੀਅਰ ਅਮਰੇਸ਼ ਚੌਧਰੀ ਅਤੇ ਦੁਰਗੇਸ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਥਾਣਾ ਸਲੇਮ ਟਾਬਰੀ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।
ਜਾਣਕਾਰੀ ਦਿੰਦਿਆਂ ਪੰਪ ਦੇ ਕੈਸ਼ੀਅਰ ਅਮਰੇਸ਼ ਚੌਧਰੀ ਨੇ ਦੱਸਿਆ ਕਿ ਉਸ ਦਾ ਸਾਥੀ ਦੁਰਗੇਸ਼ ਗੱਡੀਆਂ ਵਿੱਚ ਤੇਲ ਪਾ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਦੋ ਵਿਅਕਤੀ ਪੈਟਰੋਲ ਭਰਵਾਉਣ ਲਈ ਆ ਗਏ। ਜਦੋਂ ਉਸ ਨੂੰ ਤੇਲ ਵਾਲੀ ਮਸ਼ੀਨ ਤੋਂ ਦੂਰ ਰਹਿਣ ਲਈ ਕਿਹਾ ਗਿਆ ਤਾਂ ਉਸ ਨੇ ਦੁਰਗੇਸ਼ ਦੇ ਪੈਰਾਂ ਉਪਰ ਬਾਈਕ ਭਜਾ ਦਿੱਤੀ। ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਦੋਵਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਮੌਕੇ ’ਤੇ ਬੁਲਾ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਦੋਵਾਂ ਦੀ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕੀਤੀ।
ਨਾਲ ਹੀ ਪੈਟਰੋਲ ਪੰਪ ‘ਤੇ ਮੁਲਜ਼ਮਾਂ ਵੱਲੋਂ ਸ਼ਰੇਆਮ ਕੁੱਟਮਾਰ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਮੁਲਜ਼ਮ ਪੈਟਰੋਲ ਪੰਪ ਦੇ ਮੁਲਾਜ਼ਮਾਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸ਼ਿਕਾਇਤ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ‘ਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












