ਲੁਧਿਆਣਾ ਦੇ ਟਿੱਬਾ ਰੋਡ ‘ਤੇ ਮਹਾਦੇਵ ਇਨਕਲੇਵ ‘ਚ ਕੂੜਾ ਡੰਪ ਨੇੜੇ ਇਕ ਆਟੋ ‘ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਪਛਾਣ ਚੰਦ ਵਜੋਂ ਹੋਈ ਹੈ। ਉਸ ਦਾ ਗਲਾ ਘੁੱਟ ਕੇ ਰੱਸੀ ਪਾ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਪਿਛਲੇ 22 ਘੰਟਿਆਂ ਤੋਂ ਲਾਪਤਾ ਸੀ। ਚੰਦ ਮਾਇਆਪੁਰੀ ਚੌਕ ਇਲਾਕੇ ‘ਚ ਅੰਡੇ ਦੀ ਦੁਕਾਨ ‘ਤੇ ਕੰਮ ਕਰਦਾ ਸੀ।
ਸਵੇਰੇ ਮਾਇਆਪੁਰੀ ਵਿੱਚ ਖੇਡਦੇ ਸਮੇਂ ਜਦੋਂ ਬੱਚਿਆਂ ਨੇ ਚੰਦ ਦੀ ਲਾਸ਼ ਕੂੜੇ ਦੇ ਢੇਰ ਕੋਲ ਆਟੋ ਵਿੱਚ ਪਈ ਦੇਖੀ ਤਾਂ ਉਨ੍ਹਾਂ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਚੰਦ ਦੇ ਪਿਤਾ ਵਿਸ਼ਨੂੰ ਦੇਵ ਨੇ ਦੱਸਿਆ ਕਿ ਉਸ ਦਾ ਲੜਕਾ ਕੱਲ੍ਹ 3 ਵਜੇ ਤੋਂ ਲਾਪਤਾ ਸੀ। ਸ਼ਾਮ ਤੱਕ ਉਸ ਨੂੰ ਲੱਭਦਾ ਰਿਹਾ, ਪਰ ਉਹ ਕਿਤੇ ਨਹੀਂ ਮਿਲਿਆ।
ਵਿਸ਼ਨੂੰ ਦੇਵ ਨੇ ਦੋਸ਼ ਲਾਇਆ ਕਿ ਦੁਕਾਨ ਮਾਲਕ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਕੱਲ੍ਹ ਦੁਕਾਨ ਮਾਲਕ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਚੰਦ ਪੈਸੇ ਅਤੇ ਆਟੋ ਲੈ ਕੇ ਭੱਜ ਗਿਆ ਹੈ। ਚੰਦ ਪਿਛਲੇ ਇਕ ਸਾਲ ਤੋਂ ਉਸ ਨਾਲ ਕੰਮ ਕਰਦਾ ਸੀ। ਉਸ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਦਾ ਕਤਲ ਉਸ ਦੇ ਕਿਸੇ ਜਾਣਕਾਰ ਨੇ ਕੀਤਾ ਹੈ।
ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਦੁਕਾਨ ਮਾਲਕ ਦਾ ਆਟੋ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਮਾਲਕ ਉਸ ਦੀ ਤਨਖਾਹ ਵਿੱਚੋਂ ਪੈਸੇ ਕੱਟ ਰਿਹਾ ਸੀ। ਉਹ ਤਨਖਾਹ ਵੀ ਪੈਸੇ ਕੱਟ ਕੇ ਦਿੰਦਾ ਸੀ। ਮਾਲਕ ਪਿਛਲੇ 4 ਮਹੀਨਿਆਂ ਤੋਂ ਪੂਰੀ ਤਨਖਾਹ ਨਹੀਂ ਦੇ ਰਿਹਾ ਸੀ ਚੰਦ ਦੀ ਲਾਸ਼ ਮਿਲਣ ਵਾਲੀ ਥਾਂ ‘ਤੇ ਇਕ ਆਟੋ ਵੀ ਮਿਲਿਆ, ਜਿਸ ਵਿਚ ਅੰਡੇ ਵੀ ਰੱਖੇ ਹੋਏ ਸਨ।
ਏਸੀਪੀ ਗੁਰਦੇਵ ਸਿੰਘ ਵੀ ਘਟਨਾ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਫਿਲਹਾਲ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਬਾਕੀ ਇਲਾਕਿਆਂ ਵਿੱਚ ਸੀਸੀਟੀਵੀ ਆਦਿ ਦੀ ਜਾਂਚ ਕੀਤੀ ਜਾਵੇਗੀ।












