ਪੰਜਾਬ ਦੇ ਲੁਧਿਆਣਾ ‘ਚ ਜਗਰਾਓਂ ਪੁਲ ਨੇੜੇ ਐਲੀਵੇਟਿਡ ਪੁਲ ‘ਤੇ ਚੱਲਦੀ ਸਕੂਟਰੀ ਨੂੰ ਅੱਗ ਲੱਗ ਗਈ। ਅੱਗ ਲੱਗਦੇ ਹੀ ਸਕੂਟਰ ‘ਚ ਧਮਾਕਾ ਹੋ ਗਿਆ। ਇਸ ਤੋਂ ਪਹਿਲਾਂ ਕਿ ਐਕਟਿਵਾ ਸਵਾਰ ਨੌਜਵਾਨ ਆਪਣੇ ਆਪ ‘ਤੇ ਕਾਬੂ ਪਾਉਂਦਾ, ਅੱਗ ਦੀ ਲਪੇਟ ‘ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ। ਸਕੂਟਰ ਦੇ ਕੋਲ ਜਾ ਰਿਹਾ ਇੱਕ ਬਾਈਕ ਸਵਾਰ ਵੀ ਸੰਤੁਲਨ ਗੁਆ ਬੈਠਾ।
ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ ਅਤੇ ਰਾਹਗੀਰਾਂ ਦੀ ਮਦਦ ਨਾਲ ਐਕਟਿਵਾ ਸਵਾਰ ਨੂੰ ਮੁੱਢਲੀ ਸਹਾਇਤਾ ਦੇ ਕੇ ਸੀ.ਐਮ.ਸੀ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਗੋਬਿੰਦਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ। ਗੋਬਿੰਦ ਸਲੇਮ ਟਾਬਰੀ ਇਲਾਕੇ ‘ਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਉਸ ਨੇ ਦੁੱਗਰੀ ਨੇੜੇ ਪੈਟਰੋਲ ਪੰਪ ਤੋਂ ਪੈਟਰੋਲ ਭਰਿਆ ਸੀ। ਉਹ ਅਜੇ ਜਗਰਾਉਂ ਪੁਲ ਨੇੜੇ ਐਲੀਵੇਟਿਡ ਪੁਲ ’ਤੇ ਚੜ੍ਹਿਆ ਹੀ ਸੀ ਕਿ ਕੁਝ ਦੂਰੀ ’ਤੇ ਸਕੂਟਰ ਦੇ ਇੰਜਣ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੋਬਿੰਦਪ੍ਰੀਤ 30 ਫੀਸਦੀ ਝੁਲਸ ਗਿਆ। ਘਟਨਾ ਸਮੇਂ ਗੋਬਿੰਦਪ੍ਰੀਤ ਦੇ ਕੱਪੜਿਆਂ ਨੂੰ ਅੱਗ ਲੱਗ ਗਈ।
ਉਹ ਦਰਦ ਨਾਲ ਪੁਲ ‘ਤੇ ਕਾਫੀ ਦੂਰ ਤੱਕ ਦੌੜਦਾ ਰਿਹਾ। ਲੋਕਾਂ ਦੀ ਮਦਦ ਨਾਲ ਉਸ ਦੇ ਕੱਪੜੇ ਪਾੜ ਕੇ ਉਤਾਰ ਦਿੱਤੇ ਗਏ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।












