- ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨੇ ਦੋਸ਼,
- ਫਿਲਮ ਦੇ ਐਕਟਰ, ਡਾਇਰੈਕਟਰ ਅਤੇ ਪ੍ਰੋਡਿਊਸਰ ‘ਤੇ ਹੋਇਆ ਪਰਚਾ,
- ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ‘ਤੇ ਹੋਇਆ ਪਰਚਾ
ਅੰਮ੍ਰਿਤਸਰ, 31 ਅਗਸਤ 2023 – ਸਿੱਖ ਸੰਗਤ ਵੱਲੋਂ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ‘ਯਾਰੀਆਂ-2’ ਫਿਲਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਫਿਲਮ ਯਾਰੀਆਂ ਦੀ ਟੀਮ ‘ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਪਰਚਾ ਦਰਜ ਹੋ ਗਿਆ ਹੈ। ਫਿਲਮ ਦੀ ਟੀਮ ‘ਤੇ 295A ਦੇ ਤਹਿਤ ਪਰਚ ਦਰਜ ਕੀਤਾ ਗਿਆ ਹੈ। ਜਿਸ ਤਹਿਤ ਫਿਲਮ ਦੇ ਐਕਟਰ ਮੀਜਾਨ ਜਾਫਰੀ, ਡਾਇਰੈਕਟਰ ਰਾਧਿਕਾ ਰਾਓ, ਵਿਨੇ ਸਪਰੂ ਪ੍ਰੋਡਿਊਸਰ ‘ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਪਰਚਾ ਦਰਜ ਕੀਤਾ ਗਿਆ ਹੈ। ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ‘ਤੇ ਇਹ ਪਰਚਾ ਦਰਜ ਕੀਤਾ ਗਿਆ ਹੈ।
ਕਮੇਟੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਇਨ੍ਹਾਂ ਦ੍ਰਿਸ਼ਾਂ ਵਿੱਚ ਫ਼ਿਲਮ ‘ਚ ਕੰਮ ਕਰ ਰਹੇ ਮੋਨੇ ਅਦਾਕਾਰ ਨੂੰ ਕਿਰਪਾਨ ਪਹਿਨੇ ਹੋਏ ਦਿਖਾਇਆ ਗਿਆ ਹੈ, ਉਹ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਹੈ। ਅਸਲ ‘ਚ 27 ਅਗਸਤ ਨੂੰ ਟੀ-ਸੀਰੀਜ਼ ਕੰਪਨੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤੇ ਗਏ ਇਸ ਫਿਲਮ ਦੇ ਇਕ ਗੀਤ ‘ਚ ਸਿਰੋਂ ਮੋਨੇ ਅਤੇ ਕਲੀਨਸ਼ੇਵ ਅਦਾਕਾਰ ਨੂੰ ਸਿੱਖ ਕਕਾਰ (ਗਾਤਰਾ ਕਿਰਪਾਨ) ਪਹਿਨਾ ਕੇ ਫਿਲਮਾਂਕਣ ਦਰਸਾਇਆ ਗਿਆ ਹੈ। ਉਥੇ ਹੀ ਫਿਲਮ ਮੇਕਰਸ ਦਾ ਕਹਿਣਾ ਸੀ ਇਹ ਕਿਰਪਾਨ ਨਹੀਂ ਸਗੋਂ ਖੁੱਕਰੀ ਹੈ। ਪਰ ਜਦੋਂ ਕੇ ਗੀਤ ਦੀ ਵੀਡੀਓ ‘ਚ ਸਾਫ-ਸਾਫ ਦਿਸ ਰਿਹਾ ਹੈ ਕਿ ਇਹ ਖੁੱਕਰੀ ਨਹੀਂ ਸਗੋਂ ਕਿਰਪਾਨ ਸੀ।
ਇਸ ਗੀਤ ਦੇ ਰਿਲੀਜ਼ ਤੋਂ ਬਾਅਦ ਦੇਸ਼-ਦੁਨੀਆਂ ਅੰਦਰ ਵਸਦੀ ਸਿੱਖ ਕੌਮ ਦੀਆਂ ਭਾਵਨਾਵਾਂ ਭੜਕੀਆਂ ਸਨ, ਸ਼੍ਰੋਮਣੀ ਕਮੇਟੀ ਤੋਂ ਇਲਾਵਾ ਵੱਖਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ।