ਕਾਉਣੀ (ਫਰੀਦਕੋਟ) 23 ਅਗਸਤ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ-ਪਿੰਡ ਉਲੀਕੇ ਗਏ ਸੁਵਿਧਾ ਕੈਂਪਾਂ ਨਾਲ ਹੁਣ ਲੋਕਾਂ ਵਿੱਚ ਸਮੱਸਿਆਵਾਂ ਹੱਲ ਕਰਵਾਉਣ ਦੀ ਆਸ ਬੱਝੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਕਾਉਣੀ ਪਿੰਡ ਵਿਖੇ ਅਜਿਹੇ ਇੱਕ ਕੈਂਪ ਦੌਰਾਨ ਭਰਵੇਂ ਇਕੱਠ ਵਿੱਚ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਭਿੰਦਰ ਸਿੰਘ ਗਰੇਵਾਲ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚਸੇਖੋਂ ਨੇ ਰੁਪਈਆਂਵਾਲਾ, ਝੋਕ ਸਰਕਾਰੀ, ਜਨੇਰੀਆ, ਸੰਗਰਾਹੂਰ ਅਤੇ ਬੁੱਟਰ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ।
ਇਸ ਮੌਕੇ ਮਹਿਲਾਵਾਂ, ਬਜ਼ੁਰਗ, ਨੌਜਵਾਨ, ਯੂਥ ਕਲੱਬਾਂ ਦੇ ਨੁੰਮਾਇੰਦੇ, ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁੰਮਾਇੰਦੇ ਉਨ੍ਹਾਂ ਨੂੰ ਆ ਕੇ ਮਿਲੇ। ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਲੱਗੇ ਇਸ ਕੈਂਪ ਵਿੱਚ ਹਰ ਵਰਗ ਦੇ ਨੁੰਮਾਇੰਦੇ ਵੱਲੋਂ ਸਮੱਸਿਆਵਾਂ ਦਾ ਮੌਕੇ ਤੇ ਹੀ ਫੌਰੀ ਹੱਲ ਹੋਣ ਉਪਰੰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਹੁਕਮਾਂ ਤੇ ਸਮੂਹ ਵਿਭਾਗਾਂ ਦੇ ਨੁੰਮਾਇੰਦੇ ਇਸ ਮੌਕੇ ਸਵੇਰ ਤੋਂ ਲੈ ਕੇ ਲੋਕਾਂ ਦੀ ਆਮਦ ਤੱਕ ਕੈਂਪ ਵਾਲੇ ਸਥਾਨ ਤੇ ਹਾਜ਼ਰ ਰਹੇ। ਇਨ੍ਹਾਂ ਨੁੰਮਾਇੰਦਿਆਂ ਨੇ ਦੱਸਿਆ ਕਿ ਅੱਜ ਇਸ ਕੈਂਪ ਵਿੱਚ ਮੁੱਖ ਤੌਰ ਤੇ ਲੋਕਾਂ ਨੇ ਬਿਜਲੀ ਦੇ ਵਧੇ ਹੋਏ ਬਿੱਲਾਂ ਸਬੰਧੀ, ਗਲੀਆਂ-ਨਾਲੀਆਂ ਪੱਕੀਆਂ ਕਰਨ ਸਬੰਧੀ, ਪਾਰਕ, ਲਾਇਬ੍ਰੇਰੀ, ਆਂਗਣਵਾੜੀ ਸੈਂਟਰ ਦੀ ਉਸਾਰੀ, ਸੜਕਾਂ ਦੀ ਮੁਰੰਮਤ, ਪੈਨਸ਼ਨ ਦੇ ਰੁਕੇ ਹੋਏ ਕੇਸਾਂ ਸਬੰਧੀ ਸਮੱਸਿਆਵਾਂ ਸਾਂਝੀਆਂ ਕੀਤੀਆਂ।
ਵਿਭਾਗਾਂ ਦੇ ਨੁੰਮਾਇੰਦਿਆ ਨੇ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਾਉਣੀ ਅਤੇ ਆਸ ਪਾਸ ਦੇ ਪਿੰਡ ਵਾਸੀਆਂ ਵੱਲੋਂ ਕੁੱਲ 17 ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਈ ਲੋਕਾਂ ਵੱਲੋਂ ਜੁਬਾਨੀ ਤੌਰ ਤੇ ਵੀ ਸਰਕਾਰ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਵਧੀਕੀਆਂ ਨੂੰ ਠੱਲ੍ਹ ਪਾਉਣ ਲਈ ਸੁਝਾਅ ਦਿੱਤੇ।
ਵਿਭਾਗਾਂ ਦੇ ਨੁੰਮਾਇੰਦਿਆਂ ਨੇ ਦੱਸਿਆ ਕਿ ਕੁਝ ਸਮੱਸਿਆਵਾਂ ਅਜਿਹੀਆਂ ਵੀ ਸਨ, ਜੋ ਤਬਦੀਲ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ, ਜਿੰਨਾ ਨੂੰ ਡਿਪਟੀ ਕਮਿਸ਼ਨਰ ਖੁਦ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਨਿਪਟਾਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਕੋਈ ਵੀ ਦਰਖਾਸਤ ਕਿਸੀ ਵਜ੍ਹਾ ਕਰਕੇ ਲੰਬਿਤ ਨਹੀਂ ਰਹਿੰਦੀ ਅਤੇ ਹਰ ਵਿਭਾਗ ਦੇ ਨੁੰਮਾਇਦੇ ਦੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸ਼ਿਕਾਇਤ ਦਾ ਨਿਵਾਰਨ ਫੌਰੀ ਤੌਰ ਤੇ ਕੀਤਾ ਜਾਵੇ।












