ਚੰਡੀਗੜ੍ਹ ਦੇ ਸੈਕਟਰ 35 ਵਿੱਚ ਸਥਿਤ ਹੋਟਲ ਮੈਟਰੋ (@Metro) ਨੂੰ ਐਸਬੀਆਈ ਬੈਂਕ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਬਲਾਂ ਦੀ ਮੌਜੂਦਗੀ ਵਿੱਚ ਹੋਟਲ ਦਾ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ। ਬੈਂਕ ਵੱਲੋਂ ਇਹ ਕਾਰਵਾਈ 15 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਅਦਾਇਗੀ ਨਾ ਹੋਣ ਕਰਕੇ ਕੀਤੀ ਗਈ ਹੈ। ਬੈਂਕ ਅਤੇ ਹੋਟਲ ਮਾਲਕ ਵਿਚਕਾਰ ਇਹ ਝਗੜਾ ਚੰਡੀਗੜ੍ਹ ਡੀਸੀ ਕੋਲ ਚੱਲ ਰਿਹਾ ਸੀ ਪਰ ਡੀਸੀ ਨੇ ਬੈਂਕ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਹੈ। ਇਸ ਤੋਂ ਬਾਅਦ ਬੈਂਕ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਬੈਂਕ ਸੂਤਰਾਂ ਅਨੁਸਾਰ ਬੈਂਕ ਨੇ ਹੋਟਲ ਨੂੰ ਪਹਿਲਾਂ ਵੀ ਕਈ ਵਾਰ ਨੋਟਿਸ ਦਿੱਤੇ ਸਨ ਪਰ ਹੋਟਲ ਵੱਲੋਂ ਬੈਂਕ ਦਾ ਕਰਜ਼ਾ ਨਹੀਂ ਮੋੜਿਆ ਗਿਆ। ਇਸ ਕਾਰਨ ਬੈਂਕ ਹੁਣ ਅਗਲੇ ਮਹੀਨੇ ਇਸ ਹੋਟਲ ਦੀ ਨਿਲਾਮੀ ਕਰੇਗਾ। ਦਿੱਤੇ ਗਏ ਕਰਜ਼ੇ ਦੀ ਨਿਲਾਮੀ ਰਾਹੀਂ ਵਸੂਲੀ ਕੀਤੀ ਜਾਵੇਗੀ। ਹੁਣ ਹੋਟਲ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਜਾਵੇਗਾ। ਅੱਜ ਬੈਂਕ ਮੁਲਾਜ਼ਮ ਆਪਣੀ ਪੂਰੀ ਕਾਨੂੰਨੀ ਟੀਮ ਅਤੇ ਚੰਡੀਗੜ੍ਹ ਪੁਲਿਸ ਸਮੇਤ ਹੋਟਲ ਦੇ ਅੰਦਰ ਪਹੁੰਚ ਗਏ। ਉਨ੍ਹਾਂ ਨੇ ਹੋਟਲ ਦੇ ਬਾਹਰ ਜ਼ਬਤੀ ਦਾ ਨੋਟਿਸ ਚਿਪਕਾਇਆ।
ਇਸ ਤੋਂ ਬਾਅਦ ਹੋਟਲ ਦੇ ਸਾਰੇ ਕਰਮਚਾਰੀਆਂ ਨੂੰ ਬਾਹਰ ਆਉਣ ਲਈ ਕਿਹਾ ਗਿਆ। ਇਸ ‘ਤੇ ਕਰਮਚਾਰੀਆਂ ਦੀ ਤਰਫੋਂ ਮਾਲਕ ਨਾਲ ਗੱਲ ਕਰਨ ਤੋਂ ਬਾਅਦ ਹੋਟਲ ਦਾ ਸਾਰਾ ਸਮਾਨ ਬਾਹਰ ਕੱਢ ਲਿਆ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਜਵਾਨ ਵੀ ਉਥੇ ਤਾਇਨਾਤ ਸਨ।ਏਐਮਜੀ ਗਰੁੱਪ ਆਫ਼ ਹੋਟਲਜ਼ ਦੇ ਮਾਲਕ ਨੇ ਕਿਹਾ ਕਿ ਉਹ ਬੈਂਕ ਦੀ ਕਾਰਵਾਈ ਖ਼ਿਲਾਫ਼ ਅੱਗੇ ਅਪੀਲ ਕਰਨਗੇ। ਬੈਂਕ ਨੇ ਇਹ ਕਾਰਵਾਈ ਗਲਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਕੀਤੀ ਹੈ। ਉਸ ਨੇ 15 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਪਰ ਉਸ ਵਿੱਚੋਂ 13 ਕਰੋੜ ਰੁਪਏ ਵਾਪਸ ਕਰ ਦਿੱਤੇ ਹਨ।












