ਪੰਜਾਬ ਤੇ ਹਰਿਆਣਾ ਹਾਈਕੋਰਟ ਨੇ POCSO ਨਾਲ ਜੁੜੇ ਇੱਕ ਮਾਮਲੇ ਵਿੱਚ ਅੰਬਾਲਾ ਦੇ ਰਹਿਣ ਵਾਲੇ ਸ਼ਸ਼ੀ ਨਾਮਕ ਵਿਅਕਤੀ ਨੂੰ ਰਾਹਤ ਦਿੱਤੀ ਹੈ। ਅੰਬਾਲਾ ਫਾਸਟ ਟਰੈਕ ਅਦਾਲਤ ਨੇ 17 ਜਨਵਰੀ 2023 ਨੂੰ 20 ਸਾਲ ਦੀ ਕੈਦ ਅਤੇ 10000 ਰੁਪਏ ਜੁਰਮਾਨਾ ਲਗਾਇਆ ਸੀ। ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁਅੱਤਲ ਕਰ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ।
ਮੁਲਜ਼ਮ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਢੁੱਕਵਾਂ ਸਮਾਂ ਨਹੀਂ ਦਿੱਤਾ ਅਤੇ ਉਸ ਨੂੰ ਸੁਣੇ ਬਿਨਾਂ ਹੀ ਅਦਾਲਤ ਨੇ ਇਹ ਸਜ਼ਾ ਸੁਣਾਈ। ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਬਾਸੂ ਰੰਜਨ ਨੇ ਕਿਹਾ ਕਿ ਇਹ ਸਜ਼ਾ ਹੇਠਲੀ ਅਦਾਲਤ ਨੇ ਫੋਰੈਂਸਿਕ ਰਿਪੋਰਟ ਦੇ ਆਧਾਰ ’ਤੇ ਸੁਣਾਈ ਹੈ। ਜਦੋਂ ਕਿ ਇਸ ਮਾਮਲੇ ਦੇ ਹੋਰ ਤੱਥਾਂ ਨੂੰ ਅਦਾਲਤ ਨੇ ਨਜ਼ਰਅੰਦਾਜ਼ ਕਰ ਦਿੱਤਾ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਸ਼ੀਆਂ ਨੂੰ ਰਾਹਤ ਦਿੱਤੀ ਹੈ।16 ਮਈ 2020 ਨੂੰ ਅੰਬਾਲਾ ਦੀ ਬਲਦੇਵ ਨਗਰ ਪੁਲਿਸ ਨੇ ਅੰਬਾਲਾ ਨਿਵਾਸੀ ਸ਼ਸ਼ੀ ਖਿਲਾਫ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਲਜ਼ਾਮ ਸੀ ਕਿ ਉਸ ਨੇ ਨਾਬਾਲਗ ਲੜਕੀ ਨੂੰ ਵਰਗਲਾ ਕੇ ਉਸ ਨਾਲ ਵਿਆਹ ਕਰਵਾ ਲਿਆ ਅਤੇ 15 ਦਿਨਾਂ ਤੱਕ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਇਸ ‘ਤੇ ਪੀੜਤ ਲੜਕੀ ਨੇ ਅਦਾਲਤ ‘ਚ ਆਪਣੇ ਬਿਆਨ ਵੀ ਦਰਜ ਕਰਵਾਏ ਸਨ। ਪਰ ਹੁਣ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਪੁਲਿਸ ਨੇ ਉਸ ਨੂੰ ਡਰਾ ਧਮਕਾ ਕੇ ਇਹ ਬਿਆਨ ਦਰਜ ਕਰਵਾਉਣ ਲਈ ਮਜਬੂਰ ਕੀਤਾ। ਅਦਾਲਤ ਨੇ ਫੈਸਲਾ ਆਉਣ ਤੱਕ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਇਹ ਰਾਹਤ ਦਿੱਤੀ ਹੈ।












