ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਪਿੰਡ ਸ਼ਾਲਾਪੁਰ ਦੋਨਾ ਦੀ ਰਹਿਣ ਵਾਲੀ ਇੱਕ ਔਰਤ ਦੇ ਪਟਨਾ ਸਾਹਿਬ ਵਿੱਚ ਲਾਪਤਾ ਹੋਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਸੁਲਤਾਨਪੁਰ ਲੋਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਜਾਂਚ ਕਰਦੇ ਹੋਏ ਥਾਣਾ ਪਟਨਾ ਸਾਹਿਬ ਦੇ ਸਬੰਧਤ ਪੁਲਿਸ ਨੂੰ ਈਮੇਲ ਰਾਹੀਂ ਸੰਪਰਕ ਕਰਕੇ ਔਰਤ ਦੀ ਭਾਲ ਕਰਨ ਲਈ ਕਿਹਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਸ਼ਾਲਾਪੁਰ ਦੋਨਾ ਦੀ ਰਹਿਣ ਵਾਲੀ ਬਲਵੀਰ ਕੌਰ (50 ਸਾਲ) ਬੀਤੀ 2 ਤਰੀਕ ਨੂੰ ਸਵੇਰੇ ਘਰੋਂ ਗੁਰਦੁਆਰਾ ਸਾਹਿਬ ਪਟਨਾ ਸਾਹਿਬ ਮੱਥਾ ਟੇਕਣ ਲਈ ਗਈ ਸੀ। ਪਟਨਾ ਸਾਹਿਬ ਪਹੁੰਚਣ ਤੋਂ ਬਾਅਦ ਉਹ 5 ਤਰੀਕ ਨੂੰ ਸ੍ਰੀ ਗੁਰੂਦੁਆਰਾ ਸਾਹਿਬ ਕੰਪਲੈਕਸ ਦੀ ਧਰਮਸ਼ਾਲਾ ਵਿਚਲੇ ਕਮਰੇ ਤੋਂ ਚਲੇ ਗਏ। ਜਿਸ ਤੋਂ ਬਾਅਦ 8 ਤਰੀਕ ਨੂੰ ਉਸ ਨੇ ਵਿਦੇਸ਼ ਬੈਠੇ ਆਪਣੇ ਲੜਕੇ ਨਾਲ ਫੋਨ ‘ਤੇ ਗੱਲਬਾਤ ਕੀਤੀ। ਪਰ ਇਸ ਤੋਂ ਬਾਅਦ ਬਲਵੀਰ ਕੌਰ ਦਾ ਫੋਨ ਸਵਿਚ ਆਫ ਆਉਣ ਲੱਗਾ।
ਔਰਤ ਦੇ ਪਰਿਵਾਰਕ ਮੈਂਬਰ ਲਗਾਤਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਲਾਪਤਾ ਬਲਵੀਰ ਕੌਰ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।ਪਰਿਵਾਰ ਵੱਲੋਂ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਉਹ ਖੁਦ ਉਸ ਦੀ ਭਾਲ ਲਈ ਪਟਨਾ ਸਾਹਿਬ ਗਏ ਹਨ। ਪਰ ਅਜੇ ਤੱਕ ਬਲਵੀਰ ਕੌਰ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।