ਚੰਡੀਗੜ੍ਹ, 28 ਜਨਵਰੀ 2022 – ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਵਲੋਂ ਪ੍ਰੈੱਸ ਵਾਰਤਾ ਕਰ ਕੇ ਨਵਜੋਤ ਸਿੰਘ ਸਿੱਧੂ ‘ਤੇ ਵੱਡੇ ਇਲਜ਼ਾਮ ਲਗਾਏ ਗਏ ਹਨ। ਨਵਜੋਤ ਸਿੱਧੂ ਦੀ ਅਸਲ ਭੈਣ ਸੁਮਨਤੋਜ ਨੇ ਵੱਡੇ ਖੁਲਾਸੇ ਕਰਦਿਆਂ ਕਿਹਾ ਕਿ ਮੈਂ ਅਮਰੀਕਾ ਰਹਿੰਦੀ ਹਾਂ ਤੇ ਡਾਕਟਰ ਹਾਂ। ਮੈਂ ਅੱਜ ਮਦਦ ਮੰਗਣ ਆਈ ਹਾਂ ਤੇ ਮੈਂ ਨਵਜੋਤ ਸਿੱਧੂ ਤੋਂ 13 ਸਾਲ ਵੱਡੀ ਹਾਂ। ਸੁਮਨਤੋਜ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕੇ 2013 ‘ਚ ਸਿੱਧੂ ਨੇ ਕਿਹਾ ਸੀ ਕਿ ਉਸ ਦੀ ਮੌਤ ਹੋ ਗਈ ਹੈ।
ਸੁਮਨਤੋਜ ਨੇ ਦੱਸਿਆ ਕੇ ਉਹ 20 ਜਨਵਰੀ ਨੂੰ ਅਮਰੀਕਾ ਤੋਂ ਆ ਕੇ ਨਵਜੋਤ ਸਿੱਧੂ ਨੂੰ ਮਿਲਣ ਵੀ ਗਈ ਸੀ। ਪਰ ਨਵਜੋਤ ਸਿੱਧੂ ਨੇ ਮੈਨੂੰ ਘਰ ਨਹੀਂ ਵੜਨ ਦਿੱਤਾ। ਉਨ੍ਹਾਂ ਦਾ ਅੱਗੇ ਕਹਿਣਾ ਸੀ ਕਿ ਸਿੱਧੂ ਨੇ 1986 ‘ਚ ਮੇਰੀ ਮਾਤਾ ਨੂੰ ਘਰੋਂ ਕੱਢ ਦਿੱਤਾ ਸੀ। ਉਨ੍ਹਾਂ ਆਖਿਆ ਕਿ ਮਾਂ ਦੀ ਮੌਤ ਲਾਵਾਰਸ ਹਾਲਤ ਵਿਚ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰ ਦੇ ਦੁੱਖ – ਸੁੱਖ ਵਿਚ ਸਿੱਧੂ ਕਦੇ ਵੀ ਸ਼ਾਮਿਲ ਨਹੀਂ ਹੋਏ।
ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਮੈਂ ਸਿੱਧੂ ਨੂੰ ਮਿਲਣ ਵੀ ਗਈ ਸੀ ਪਰ ਉਹ ਮੈਨੂੰ ਨਹੀਂ ਮਿਲੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਸ ਮੌਕੇ ਕਹਿਣਾ ਸੀ ਕਿ ਸਿੱਧੂ ਨੇ ਪੈਸੇ ਲਈ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀਆਂ ਭੈਣਾਂ ਤੇ ਮਾਵਾਂ ਨੂੰ ਅਪੀਲ ਕਰਦੀ ਹਾਂ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਪੈਸੇ ਨਾਲ ਸਿੱਧੂ ਐਸ਼ ਕਰ ਰਿਹਾ ਹੈ ਉਹ ਮੇਰੀ ਮਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਹੈ।












