ਚੰਡੀਗੜ੍ਹ, 20 ਅਗਸਤ: ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ.) ਵੱਲੋਂ ਆਪਣੇ ਅਧੀਨ ਆਉਂਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਰਿਹਾਇਸ਼ੀ ਅਤੇ ਕਮਰਸ਼ੀਅਲ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਇਹ ਈ-ਨਿਲਾਮੀ 15 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ 25 ਅਗਸਤ, 2022 ਨੂੰ ਬਾਅਦ ਦੁਪਹਿਰ 3 ਵਜੇ ਤੱਕ ਚਾਲੂ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸ਼ਹਿਰਾਂ ਵਿੱਚ ਆਪਣਾ ਮਕਾਨ ਬਣਾਉਣ ਜਾਂ ਕਾਰੋਬਾਰ ਸ਼ੁਰੂ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਉਨ੍ਹਾਂ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਪ੍ਰਕਿਰਿਆ ਅਤੇ ਸਬੰਧਤ ਜਾਇਦਾਦਾਂ ਬਾਰੇ ਮੁਕੰਮਲ ਜਾਣਕਾਰੀ ਈ-ਨਿਲਾਮੀ ਪੋਰਟਲ www.puda.e-auctions.in ਉਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਕੁੱਲ 280 ਜਾਇਦਾਦਾਂ ਉਪਲਬਧ ਹਨ, ਜਿਨ੍ਹਾਂ ਵਿੱਚ ਕਮਰਸ਼ੀਅਲ ਜਾਇਦਾਦਾਂ ਵਿੱਚ 58 ਦੁਕਾਨਾਂ, 55 ਬੂਥ, 33 ਐਸ.ਸੀ.ਓਜ਼., 6 ਇੱਕ ਮੰਜ਼ਲਾ ਦੁਕਾਨਾਂ ਅਤੇ 3 ਦੁਕਾਨ-ਕਮ-ਫਲੈਟ ਤੋਂ ਇਲਾਵਾ 124 ਰਿਹਾਇਸ਼ੀ ਪਲਾਟ ਅਤੇ ਇਕ ਮਕਾਨ ਵੀ ਸ਼ਾਮਲ ਹੈ।