ਪਟਿਆਲਾ ਦੇ ਸਮਾਣਾ ਵਿੱਚ ਇੱਕ ਪ੍ਰਾਈਵੇਟ ਸਕੂਲ ਚਲਾ ਰਹੇ ਪੋਲੀਓ ਪੀੜਤ ਅਧਿਆਪਕ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸਮਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ।
ਬੀ.ਐੱਡ ਪਾਸ ਪ੍ਰੀਤਪਾਲ ਸਿੰਘ ਵਾਸੀ ਪਿੰਡ ਦੂਧਨ ਨੇ 10ਵੀਂ ਜਮਾਤ ਤੱਕ ਸਕੂਲ ਖੋਲ੍ਹਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਪ੍ਰੀਤਪਾਲ ਸਿੰਘ ਆਰਥਿਕ ਤੰਗੀ ‘ਚੋਂ ਲੰਘ ਰਿਹਾ ਸੀ, ਜਿਸ ਕਰਕੇ ਉਸ ਨੇ ਆਪਣੀ ਪੱਗ ਨਾਲ ਪੱਖੇ ਨਾਲ ਫਾਹਾ ਲੈ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਭਰਾ ਲਖਬੀਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਸਮਾਣਾ ਦੇ ਪਿੰਡ ਦੂਧਨ ਦਾ ਰਹਿਣ ਵਾਲਾ ਪ੍ਰੀਤਪਾਲ ਸਿੰਘ ਪੋਲੀਓ ਕਾਰਨ ਅਪਾਹਜ ਹੋ ਗਿਆ ਸੀ। ਤੁਰਨ-ਫਿਰਨ ਤੋਂ ਬੇਵੱਸ ਪ੍ਰੀਤਪਾਲ ਸਿੰਘ ਬਹੁਤ ਹੀ ਮਿਹਨਤੀ ਅਤੇ ਉਸਾਰੂ ਸੋਚ ਵਾਲਾ ਸੀ। ਉਸ ਨੇ 10ਵੀਂ ਜਮਾਤ ਤੱਕ ਇੱਕ ਪ੍ਰਾਈਵੇਟ ਸਕੂਲ ਖੋਲ੍ਹਿਆ ਹੋਇਆ ਸੀ, ਜਿੱਥੇ ਉਹ ਪੜ੍ਹਾਉਂਦਾ ਵੀ ਸੀ। ਉਸ ਦੇ ਸਕੂਲ ਵਿੱਚ 150 ਦੇ ਕਰੀਬ ਬੱਚੇ ਪੜ੍ਹਦੇ ਸਨ ਪਰ ਕੁਝ ਸਮਾਂ ਪਹਿਲਾਂ ਉਸ ਦੇ ਸਕੂਲ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ। ਜਿਸ ਕਾਰਨ ਕਾਫੀ ਮਾਲੀ ਨੁਕਸਾਨ ਹੋਇਆ।
ਇਸ ਤੋਂ ਇਲਾਵਾ ਉਸ ਨੇ ਹੋਨਹਾਰ ਬੱਚਿਆਂ ਲਈ ਇਕ ਵੱਡਾ ਇੰਸਟੀਚਿਊਟ ਵੀ ਖੋਲ੍ਹਿਆ ਹੋਇਆ ਸੀ, ਜੋ ਸਕੂਲ ਵਿਚ ਚੋਰੀ ਦੀ ਘਟਨਾ ਤੋਂ ਬਾਅਦ ਸਹੀ ਢੰਗ ਨਾਲ ਨਹੀਂ ਚੱਲ ਸਕਿਆ। ਇਸ ਕਰਕੇ ਪ੍ਰੀਤਪਾਲ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ।ਸਮਾਣਾ ਥਾਣੇ ਦੇ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰੀਤਪਾਲ ਦੀ ਲਾਸ਼ ਮੰਗਲਵਾਰ ਨੂੰ ਪੱਖੇ ਨਾਲ ਲਟਕਦੀ ਮਿਲੀ। ਪਰਿਵਾਰ ਦੇ ਬਿਆਨਾਂ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।












