ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਆਪਣੇ 10 ਮਹੀਨੇ ਦੇ ਬੇਟੇ ਨਾਲ ਬੁੱਧਵਾਰ ਦੇਰ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਜਿੱਥੇ ਉਹ ਆਪਣੇ ਪੁੱਤਰ ਨੂੰ ਮੋਢਿਆਂ ‘ਤੇ ਬਿਠਾ ਕੇ ਲੈ ਕੇ ਆਉਂਦੇ ਨਜ਼ਰ ਆਏ। ਜੱਸੀ ਗਿੱਲ ਨੇ ਆਪਣੇ ਪੁੱਤਰ ਅਤੇ ਪਰਿਵਾਰ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ। ਉਨ੍ਹਾਂ ਅੰਦਰ ਬੈਠ ਕੇ ਦਸ ਮਿੰਟ ਕੀਰਤਨ ਸਰਵਣ ਵੀ ਕੀਤਾ।

ਜੱਸੀ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਉਸ ਦੇ ਪੁੱਤਰ ਦਾ ਜਨਮ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਪੰਜਾਬ ਆਉਣ ਦਾ ਮੌਕਾ ਨਹੀਂ ਮਿਲਿਆ। ਹੁਣ ਜਦੋਂ ਉਹ ਪੰਜਾਬ ਆਏ ਹਨ ਤਾਂ ਉਹ ਆਪਣੀ ਪਤਨੀ, ਪੁੱਤਰ ਅਤੇ ਧੀ ਸਮੇਤ ਗੁਰੂ ਘਰ ਆਸ਼ੀਰਵਾਦ ਲੈਣ ਆਏ ਹਨ।
ਦੱਸ ਦਈਏ ਕਿ ਗਾਇਕ ਜੱਸੀ ਗਿੱਲ ਨੇ ਹਾਲ ਹੀ ਵਿੱਚ ਜਯਾ ਕਿਸ਼ੋਰੀ ਨਾਲ ਇੱਕ ਧਾਰਮਿਕ ਐਲਬਮ ਰਿਲੀਜ਼ ਕੀਤੀ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੱਸੀ ਅਨੁਸਾਰ ਉਸ ਦਾ ਅਗਲਾ ਆਉਣ ਵਾਲਾ ਪ੍ਰੋਜੈਕਟ ਵੀ ਧਾਰਮਿਕ ਹੈ ਅਤੇ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।












