ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ ਰਾਤ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਉਥੇ ਖੜ੍ਹੇ ਸੇਵਾਦਾਰਾਂ ਨੇ ਕਾਬੂ ਕਰ ਲਿਆ ਅਤੇ ਰੋਹ ‘ਚ ਆਈ ਸੰਗਤ ਨੇ ਮੁਲਜ਼ਮ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉੱਤਾਰ ਦਿੱਤਾ। ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਦੁਸ਼ਟ ਪਾਪੀ ਵਲੋਂ ਕੀਤੇ ਗਏ ਇਸ ਕਾਰੇ ਦੇ ਸਬੰਧ ਵਿਚ ਐੱਸ.ਜੀ.ਪੀ.ਸੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਰੰਭ ਕਰਕੇ ਆਪਣੀ ਭੁੱਲ ਬਖਸ਼ਾਉਣ ਦੀ ਮੰਗ ਕੀਤੀ ਗਈ। ਬੀਤੀ ਰਾਤ ਹੋਈ ਬੇਅਦਬੀ ਦੀ ਸਜ਼ਾ ਤੋਂ ਬਾਅਦ ਭੁੱਲ ਬਖਸ਼ਾਉਣ ਲਈ ਇਹ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਤ ਦੀ ਇਸ ਘਟਨਾ ਤੋਂ ਬਾਅਦ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਇਸ ਤੋਂ ਪਸ਼ਚਾਤਾਪ ਕਰਨ ਲਈ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੇ ਤੱਥਾਂ ਦੇ ਆਧਾਰ ‘ਤੇ ਜਾਂਚ ਕਰੇ ਅਤੇ ਪਤਾ ਲਗਾਇਆ ਜਾਵੇ ਕਿ ਦੋਸ਼ੀ ਕਿਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹੁੰਚਿਆ ਅਤੇ ਉਸ ਦੇ ਨਾਲ ਕੌਣ-ਕੌਣ ਸੀ, ਕਿਸ ਸਮੇਂ ਉਹ ਅੰਦਰ ਆਇਆ ਅਤੇ ਪੂਰੀ ਜਾਂਚ ਤੋਂ ਬਾਅਦ ਸਭ ਦੇ ਸਾਹਮਣੇ ਸੱਚ ਰੱਖਿਆ ਜਾਵੇ।












