ਧਰਮਕੋਟ: ਮੋਗਾ ਦੇ ਹਲਕਾ ਧਰਮਕੋਟ ਵਿੱਚ ਕਾਂਗਰਸ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ। ਸੀਨੀਅਰ ਟਕਸਾਲੀ ਕਾਂਗਰਸੀ ਆਗੂਆਂ ਅਤੇ ਸਰਪੰਚਾਂ ਵੱਲੋਂ ਵੱਡਾ ਇਕੱਠ ਕਰ ਕੇ ਹਲਕਾ ਧਰਮਕੋਟ ਦੇ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦਾ ਸਖ਼ਤ ਵਿਰੋਧ ਕੀਤਾ ਗਿਆ।
ਇਸ ਮੌਕੇ ਟਕਸਾਲੀ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਨੇ ਸਰਪੰਚੀਆਂ 5 -10 ਲੱਖ ਲੈ ਕੇ ਵੇਚੀਆਂ ਤੇ ਇਸ ਦੌਰਾਨ ਸਾਰੇ ਟਕਸਾਲੀ ਕਾਂਗਰਸੀਆਂ ਨੂੰ ਖੁੱਡੇ ਲਗਾ ਕੇ ਰੱਖਿਆ। ਟਕਸਾਲੀ ਆਗੂ ਵਿਜੇ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ ਨੇ ਕਿਹਾ ਕਿ ਪੰਜ ਸਾਲਾਂ ‘ਚ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਹਲਕੇ ਅੰਦਰ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਕੀਤਾ ਹੈ। ਬਾਹਰੀ ਪਾਰਟੀਆਂ ‘ਚੋਂ ਆਏ ਆਗੂਆਂ ਨਾਲ ਮਿਲ ਕੇ ਵਿਧਾਇਕ ਵੱਲੋਂ ਕਰੋੜਾਂ ਰੁਪਏ ਦੀ ਬਣਾਈ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ। ਟਕਸਾਲੀਆਂ ਨੇ ਹਾਈ ਕਮਾਂਡ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੂੰ ਟਿਕਟ ਦਿੱਤੀ ਤਾਂ ਉਹ ਉਨ੍ਹਾਂ ਦਾ ਸਖਤ ਵਿਰੋਧ ਕਰਨਗੇ।












