ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਾਰਟੀ ਦੇ ਅੰਦਰੂਨੀ ਮਤਭੇਦ ਅਤੇ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਇਸ ਦਾ ਮੁੱਖ ਕਾਰਨ ਮੰਨੀ ਜਾ ਰਹੀ ਹੈ।
ਹੁਣ ਅਸਤੀਫ਼ੇ ਦੀਆਂ ਚਰਚਾਵਾਂ ਵਿਚਾਲੇ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਹਾਲੇ ਕੁਝ ਨਹੀਂ ਕਹਿਣਾ ਚਾਹੁੰਦਾ, ਜਦੋਂ ਸਮਾਂ ਹੋਵੇਗਾ ਮੈਂ ਤੁਹਾਨੂੰ ਜ਼ਰੂਰ ਦੱਸ ਦਿਆਂਗਾ । ਉਨ੍ਹਾਂ ਕਿਹਾ ਕਿ ਬਹੁਤ ਗੱਲਾਂ ਅੰਦਰੂਨੀ ਹੁੰਦੀਆਂ ਹਨ। ਸਵੇਰ ਦੀ ਸੈਰ ਮਗਰੋਂ ਰਾਜਾ ਵੜਿੰਗ ਨੇ ਅਸਤੀਫੇ ਨੂੰ ਲੈ ਕੇ ਮੀਡੀਆ ਨੂੰ ਕਿਹਾ ਕਿ ਮੈਂ ਅਜੇ ਵਾਕ ਕਰਕੇ ਪਰਤਿਆ ਹਾਂ। ਨਹਾ-ਧੋ ਕੇ ਸਾਰਾ ਕੁਝ ਦੱਸਾਂਗਾ।
ਅਜਿਹੇ ਵਿਚ ਸੰਗਰੂਰ ਤੋਂ ਸਾਬਕਾ ਸਾਂਸਦ ਵਿਜੈਇੰਦਰ ਸਿੰਗਲਾ ਦਾ ਨਾਂ ਪ੍ਰਧਾਨ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਹਾਲਾਂਕਿ ਦਿੱਲੀ ‘ਚ ਅੱਜ ਕਾਂਗਰਸ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਅਜਿਹੇ ਵਿਚ MP ਸੁਖਜਿੰਦਰ ਰੰਧਾਵਾ ਕਾਂਗਰਸ ਹੈੱਡਕੁਆਰਟਰ ਪਹੁੰਚੇ ਹਨ ਤੇ ਉਹ ਉਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਨਗੇ।
ਚਰਨਜੀਤ ਸਿੰਘ ਚੰਨੀ ਗੁਟ ਰਾਜਾ ਵੜਿੰਗ ਨੂੰ ਪ੍ਰਧਾਨ ਅਹੁਦੇ ਤੋਂ ਹਟਾਉਣ ਦੀ ਮੰਗ ‘ਤੇ ਅੜਿਆ ਹੋਇਆ ਸੀ। ਹਾਲਾਂਕਿ ਚੰਨੀ ਨੇ ਕਿਹਾ ਕਿ ਹੁਣ ਨਾਰਾਜ਼ਗੀ ਦੂਰ ਹੋ ਚੁੱਕੀ ਹੈ ਤੇ ਸਾਰੇ ਮਿਲ ਕੇ ਕੰਮ ਕਰਾਂਗੇ। ਕਿਸ ਨੂੰ ਕਦੋਂ ਤੇ ਕਿਥੇ ਨਿਯੁਕਤ ਕਰਨਾ ਹੈ, ਇਹ ਹਾਈਕਮਾਨ ਤੈਅ ਕਰੇਗਾ।












