ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਪੈਰਿਸ ਓਲੰਪਿਕ ਅਤੇ ਦੋ ਏਸ਼ਿਆਈ ਟਰਾਇਲ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅੰਦੋਲਨਕਾਰੀ ਪਹਿਲਵਾਨ ਟਾਈਗਰੀ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ ਪੂਨੀਆ ਨੇ ਵੀ ਇਨ੍ਹਾਂ ਟਰਾਇਲਾਂ ਦਾ ਬਾਈਕਾਟ ਕਰ ਦਿੱਤਾ ਹੈ।
ਦੱਸ ਦਈਏ ਕਿ ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਸਪੱਸ਼ਟ ਕੀਤਾ ਕਿ ਵਿਨੇਸ਼ ਫੋਗਾਟ, ਸੇਵਾਮੁਕਤ ਸਾਕਸ਼ੀ ਮਲਿਕ ਅਤੇ ਹੋਰ ਪ੍ਰਦਰਸ਼ਨਕਾਰੀ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੁਆਰਾ ਐਲਾਨੇ ਗਏ ਰਾਸ਼ਟਰੀ ਟਰਾਇਲਾਂ ਵਿੱਚ ਹਿੱਸਾ ਨਹੀਂ ਲੈਣਗੇ। ਖਾਸ ਕਰਕੇ ਜਦੋਂ ਤੱਕ ਸਰਕਾਰ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਕੋਈ ਢੁੱਕਵਾਂ ਹੱਲ ਨਹੀਂ ਕੱਢਦੀ।
ਨਾਲ ਹੀ ਬਜਰੰਗ ਪੂਨੀਆ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਸਰਕਾਰ ਕੁਝ ਕਿਉਂ ਨਹੀਂ ਕਰ ਰਹੀ? ਖੇਡ ਮੰਤਰਾਲੇ ਦੁਆਰਾ ਮੁਅੱਤਲ ਕੀਤੇ ਜਾਣ ਦੇ ਬਾਵਜੂਦ ਡਬਲਯੂਐਫਆਈ ਰਾਜ ਚੋਣਾਂ ਕਰਵਾ ਰਿਹਾ ਹੈ, ਸਰਕਾਰੀ ਪੈਸੇ ਦੀ ਵਰਤੋਂ ਕਰ ਰਿਹਾ ਹੈ ਅਤੇ ਟਰਾਇਲ ਕਰ ਰਿਹਾ ਹੈ। ਇਹ ਸੱਚਮੁੱਚ ਨਿਰਾਸ਼ਾਜਨਕ ਹੈ। ਜੇਕਰ ਟਰਾਇਲ ਸਿਰਫ ਡਬਲਯੂ.ਐੱਫ.ਆਈ. (ਭਾਰਤੀ ਕੁਸ਼ਤੀ ਫੈਡਰੇਸ਼ਨ) ਦੇ ਹੱਥਾਂ ਵਿੱਚ ਹਨ ਅਤੇ ਸਰਕਾਰ ਕੁਝ ਨਹੀਂ ਕਰੇਗੀ, ਤਾਂ ਅਸੀਂ ਟਰਾਇਲਾਂ ਲਈ ਵੀ ਨਹੀਂ ਜਾਵਾਂਗੇ।
ਉਹ (ਸੰਜੇ ਸਿੰਘ) ਸਾਰੇ ਨਿਯਮਾਂ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਸਰਕਾਰ ਕੁਝ ਨਹੀਂ ਕਰ ਰਹੀ। ਸਾਨੂੰ ਇਸ ਦਾ ਸਹੀ ਹੱਲ ਚਾਹੀਦਾ ਹੈ। ਇਸਤੋਂ ਪਹਿਲਾਂ, ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਭਾਰਤੀ ਕੁਸ਼ਤੀ ਮਹਾਸੰਘ (WFI) ‘ਤੇ ਲਗਾਈ ਗਈ ਮੁਅੱਤਲੀ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਯੂਨਾਈਟਿਡ ਵਰਲਡ ਰੈਸਲਿੰਗ ਨੇ ਅਗਸਤ 2023 ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ, ਕਿਉਂਕਿ WFI ਸਮੇਂ ਸਿਰ ਚੋਣਾਂ ਕਰਵਾਉਣ ਵਿੱਚ ਅਸਫਲ ਰਿਹਾ ਸੀ।
ਦੂਜੇ ਪਾਸੇ, ਭਾਰਤੀ ਖੇਡ ਮੰਤਰਾਲੇ ਨੇ WFI ਦੇ ਨਵੇਂ ਚੁਣੇ ਕਾਰਜਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸਾਰੇ ਕੰਮਕਾਜ ‘ਤੇ ਰੋਕ ਲਗਾ ਦਿੱਤੀ ਹੈ। ਇਸਤੋਂ ਇਲਾਵਾ ਸੰਜੇ ਸਿੰਘ ਨੇ ਬਿਆਨ ‘ਚ ਕਿਹਾ ਕਿ ਮੈਂ ਭਾਰਤੀ ਕੁਸ਼ਤੀ ਮਹਾਸੰਘ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਇਕਾਈਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਟੂਰਨਾਮੈਂਟ ਲਈ ਟੀਮ ਦੀ ਚੋਣ ਲਈ ਟਰਾਇਲ 10 ਅਤੇ 11 ਮਾਰਚ ਨੂੰ ਹੋਣਗੇ। ਇਹ ਟਰਾਇਲ ਆਈਜੀ ਸਪੋਰਟਸ ਕੰਪਲੈਕਸ ਦੇ ਕੇਡੀ ਯਾਦਵ ਰੈਸਲਿੰਗ ਇਨਡੋਰ ਸਟੇਡੀਅਮ ਵਿੱਚ ਹੋਣਗੇ।