ਪੈਟਰੋਲ ਡੀਜ਼ਲ ਦੀਆਂ ਵਧੀਆ ਕੀਮਤਾਂ ਤੋਂ ਬਾਅਦ ਲੋਕਾਂ’ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਹੁਣ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੁਣ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਲੋਕਾਂ ਦੇ ਗੁੱਸੇ ਨਾਲ ਲਾਲ ਕੀਤਾ ਹੋਇਆ ਹੈ। ਜੇਕਰ ਟਮਾਟਰ ਦੀ ਕੀਮਤ ਦੀ ਗੱਲ ਕਰੀਏ ਹੁਣ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ।ਦੱਖਣੀ ਭਾਰਤ ਦੇ ਕਈ ਸ਼ਹਿਰਾਂ ‘ਚ ਪ੍ਰਚੂਨ ਬਾਜ਼ਾਰ ‘ਚ ਟਮਾਟਰ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਭਾਰੀ ਮੀਂਹ ਕਾਰਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਦੱਖਣੀ ਭਾਰਤ ਵਿੱਚ ਟਮਾਟਰ ਮਹਿੰਗਾ ਹੋ ਗਿਆ ਹੈ।
ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੱਖਣੀ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਦੇ ਮਾਇਆਬੰਦਰ ਵਿੱਚ 140 ਰੁਪਏ ਪ੍ਰਤੀ ਕਿਲੋ ਅਤੇ ਪੋਰਟ ਬਲੇਅਰ ਵਿੱਚ 127 ਰੁਪਏ ਪ੍ਰਤੀ ਕਿਲੋ ਟਮਾਟਰ ਵਿਕ ਰਹੇ ਹਨ। ਇਸ ਦੇ ਨਾਲ ਹੀ ਕੇਰਲ ਦੇ ਤਿਰੂਵਨੰਤਪੁਰਮ ‘ਚ ਟਮਾਟਰ ਦੀ ਕੀਮਤ 125 ਰੁਪਏ, ਪਲੱਕੜ ਅਤੇ ਵਾਇਨਾਡ ‘ਚ 105, ਤ੍ਰਿਸ਼ੂਰ ‘ਚ 94, ਕੋਝੀਕੋਡ ‘ਚ 91 ਅਤੇ ਕੋਟਾਯਮ ‘ਚ 83 ਰੁਪਏ ਹੈ।ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਟਮਾਟਰ ਦੀ ਕੀਮਤ 77 ਰੁਪਏ, ਤਿਰੂਪਤੀ ‘ਚ 72, ਤੇਲੰਗਾਨਾ ‘ਚ ਵਾਰੰਗਲ ‘ਚ 85 ਅਤੇ ਪੁਡੂਚੇਰੀ ‘ਚ 85 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਜੇਕਰ ਮੈਟਰੋ ਸ਼ਹਿਰਾਂ ਦੀਆਂ ਕੀਮਤਾਂ ‘ਤੇ ਨਜ਼ਰ ਮਾਰੀਏ ਤਾਂ ਸੋਮਵਾਰ ਨੂੰ ਮੁੰਬਈ ‘ਚ 55 ਰੁਪਏ, ਦਿੱਲੀ ‘ਚ 56, ਕੋਲਕਾਤਾ ‘ਚ 78 ਅਤੇ ਚੇਨਈ ‘ਚ 83 ਰੁਪਏ ਪ੍ਰਤੀ ਕਿਲੋ ਟਮਾਟਰ ਵਿਕਿਆ।