ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੀ ਹੜਤਾਲ ਮੰਗਲਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਕੇਂਦਰੀ ਖੇਡ ਮੰਤਰਾਲੇ ਦੀ ਓਵਰਸਾਈਟ ਕਮੇਟੀ ਦੀ ਮੈਂਬਰ ਬਬੀਤਾ ਫੋਗਾਟ ਨੇ ਕਿਹਾ ਕਿ ਜਾਂਚ ਸਹੀ ਢੰਗ ਨਾਲ ਨਹੀਂ ਹੋਈ, ਮੈਨੂੰ ਰਿਪੋਰਟ ਪੜ੍ਹਨ ਤੱਕ ਵੀ ਨਹੀਂ ਦਿੱਤੀ ਗਈ।
ਬਬੀਤਾ ਨੇ ਕਿਹਾ ਕਿ ਰਿਪੋਰਟ ਸਾਰਿਆਂ ਦੀ ਸਹਿਮਤੀ ਨਾਲ ਨਹੀਂ ਬਣੀ ਹੈ। ਜਾਂਚ ਰਿਪੋਰਟ ਪੜ੍ਹਦਿਆਂ ਹੀ ਇਹ ਮੇਰੇ ਹੱਥੋਂ ਖੋਹ ਲਈ ਗਈ। ਸਾਈ ਦੇ ਨਿਰਦੇਸ਼ਕ ਅਤੇ ਜਾਂਚ ਕਮੇਟੀ ਦਾ ਹਿੱਸਾ ਰਹੀ ਰਾਧਿਕਾ ਸ੍ਰੀਮਾਨ ਨੇ ਵੀ ਮੇਰੇ ਨਾਲ ਦੁਰਵਿਵਹਾਰ ਕੀਤਾ। ਮੇਰੇ ਕਈ ਨੁਕਤਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਦਾ ਸਮਰਥਨ ਮਿਲਿਆ ਹੈ। ਮਲਿਕ ਨੇ ਖਿਡਾਰੀਆਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਹ ਧਰਨੇ ਵਾਲੀ ਥਾਂ ‘ਤੇ ਜਾ ਸਕਦੇ ਹਨ। ਸਤਿਆਪਾਲ ਮਲਿਕ ਨੇ ਟਵੀਟ ਕੀਤਾ, “ਧੀਓ ਚਿੰਤਾ ਨਾ ਕਰੋ, ਪੂਰਾ ਦੇਸ਼ ਤੁਹਾਡੇ ਨਾਲ ਹੈ! ਮੈਂ ਖੁਦ ਤੁਹਾਡੇ ਧਰਨੇ ‘ਤੇ ਆਵਾਂਗਾ।”












