ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦਾ ਦਿੱਲੀ ਦੇ ਏਮਜ਼ ‘ਚ ਇਲਾਜ ਚੱਲ ਰਿਹਾ ਹੈ ਅਤੇ ਸੱਤ ਦਿਨ ਬਾਅਦ ਵੀ ਉਨ੍ਹਾਂ ਨੂੰ ਹੋਸ਼ ਨਹੀਂ ਆਇਆ। ਕਾਮੇਡੀਅਨ ਦੀ ਸਿਹਤ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ, ਜਿਸ ਮੁਤਾਬਕ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਉਹ ਅਜੇ ਵੀ ਵੈਂਟੀਲੇਟਰ ‘ਤੇ ਹੈ। ਦੱਸਣਯੋਗ ਹੈ ਕਿ 10 ਅਗਸਤ ਨੂੰ ਜਿਮ ‘ਚ ਵਰਕਆਊਟ ਦੌਰਾਨ ਉਹ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰਾਜੂ ਸ੍ਰੀਵਾਸਤਵ ਦੇ ਨਿੱਜੀ ਸਕੱਤਰ ਗਰਵੀਤ ਨਾਰੰਗ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।
ਗਰਵੀਤ ਨਾਰੰਗ ਨੇ ਕਿਹਾ, ‘ਰਾਜੂ ਸ਼੍ਰੀਵਾਸਤਵ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ।’ ਰਾਜੂ ਸ੍ਰੀਵਾਸਤਵ ਦਾ ਪਿਛਲੇ ਦਿਨੀਂ ਐਮਆਰਆਈ ਟੈਸਟ ਵੀ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਤੋਂ ਪਤਾ ਲੱਗਿਆ ਸੀ ਕਿ ਉਸ ਦੇ ਸਿਰ ਵਿੱਚ ਇੱਕ ਨਾੜ ਦੱਬੀ ਹੋਈ ਸੀ। ਹਾਲਾਂਕਿ ਰਾਜੂ ਸ਼੍ਰੀਵਾਸਤਵ ਦਾ ਦਿਲ ਠੀਕ ਕੰਮ ਕਰ ਰਿਹਾ ਹੈ। ਜਦੋਂ ਤੋਂ ਰਾਜੂ ਸ਼੍ਰੀਵਾਸਤਵ ਦੀ ਸਿਹਤ ਵਿਗੜ ਗਈ ਹੈ, ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ, ਜਿਸ ਕਾਰਨ ਪਰਿਵਾਰ ਵੀ ਪਰੇਸ਼ਾਨ ਹੈ। ਅਜਿਹੇ ‘ਚ ਪਰਿਵਾਰ ਦੀ ਤਰਫੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕਰਕੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਗਈ। ਪਰਿਵਾਰ ਨੇ ਦੱਸਿਆ ਸੀ ਕਿ ਡਾਕਟਰ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ‘ਚ ਵੀ ਸੁਧਾਰ ਹੋ ਰਿਹਾ ਹੈ।












