ਸਿੱਖ ਜੋੜਿਆਂ ਦੇ ਆਨੰਦ ਕਾਰਜ ਨੂੰ ਵਿਸ਼ੇਸ਼ ਕਾਨੂੰਨੀ ਢਾਂਚੇ ਤਹਿਤ ਰਜਿਸਟਰਡ ਕਰਨ ਦੀ ਇਜਾਜ਼ਤ ਦੇਣ ਵਾਲਾ ‘ਆਨੰਦ ਕਾਰਜ ਐਕਟ’ ਸਿੱਕਮ ਵਿਚ 1 ਜੂਨ ਤੋਂ ਲਾਗੂ ਹੋਵੇਗਾ। ਅਜਿਹਾ ਸੁਪਰੀਮ ਕੋਰਟ ਦੇ ਨਿਰਦੇਸ਼ ਮਗਰੋਂ ਸੰਭਵ ਹੋਇਆ ਹੈ। ਪੂਰਵ ਉੱਤਰ ਸੂਬਾ ਸਿੱਕਮ ਵਿਚ ਹੁਣ ਤੱਕ ਵਿਆਹ ਦੇ ਰਜਿਸਟ੍ਰੇਸ਼ਨ ਲਈ ਕਈ ਸਿੱਖ ਜੋੜੇ ਆਪਣੇ ਵਿਆਹ ਨੂੰ ਹਿੰਦੂ ਵਿਆਹ ਅਧਿਨਿਯਮ 1955 ਤਹਿਤ ਰਜਿਸਟਰਡ ਕਰਦੇ ਰਹੇ ਹਨ ਪਰ ਹੁਣ ਆਨੰਦ ਕਾਰਜ ਅਧਿਨਿਯਮ ਸਿੱਕਮ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਰਵਾਇਤੀ ‘ਆਨੰਦ ਕਾਰਜ’ ਸਮਾਰੋਹ ਤਹਿਤ ਸੰਪੰਨ ਵਿਆਹਾਂ ਨੂੰ ਸਿੱਧੇ ਰਜਿਸਟਰਡ ਕਰਾਉਣ ਦੀ ਇਜਾਜ਼ਤ ਦੇਵੇਗਾ।
ਸਤੰਬਰ 2025 ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇੱਕ ਅਹਿਮ ਫੈਸਲੇ ਨੇ ਸਿੱਕਿਮ ਰਾਜ ਵਿੱਚ ਇਸ 1909 ਦੇ ਪੁਰਾਣੇ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਸਿੱਕਿਮ ਵਿੱਚ ਕੋਈ ਖ਼ਾਸ ਨਿਯਮ ਨਾ ਹੋਣ ਕਾਰਨ, ਸਿੱਖ ਜੋੜਿਆਂ ਨੂੰ ਮਜਬੂਰਨ ਆਪਣੇ ਵਿਆਹ ‘ਹਿੰਦੂ ਮੈਰਿਜ ਐਕਟ 1955’ ਦੇ ਤਹਿਤ ਰਜਿਸਟਰ ਕਰਵਾਉਣੇ ਪੈਂਦੇ ਸਨ।
ਕੇਂਦਰੀ ਕਾਨੂੰਨ ਮੰਤਰਾਲੇ (Union Law Ministry) ਵੱਲੋਂ 14 ਮਈ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ, ਕੇਂਦਰ ਸਰਕਾਰ ਨੇ 1 ਜੂਨ 2026 ਦੀ ਤਾਰੀਖ਼ ਤੈਅ ਕੀਤੀ ਹੈ, ਜਿਸ ਦਿਨ ਤੋਂ ਅਨੰਦ ਮੈਰਿਜ ਐਕਟ 1909 ਦੇ ਸਾਰੇ ਪ੍ਰਾਵਧਾਨ ਸਿੱਕਿਮ ਸੂਬੇ ਵਿੱਚ ਲਾਗੂ ਹੋ ਜਾਣਗੇ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਸਿੱਕਮ ਸਰਕਾਰ ਨੇ ਆਪਣੇ ਸਥਾਨਕ ਪੱਧਰ ‘ਤੇ ਵਿਆਹ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ‘ਸਿੱਕਮ ਅਨੰਦ ਮੈਰਿਜ ਰਜਿਸਟ੍ਰੇਸ਼ਨ ਰੂਲਜ਼, 2026’ ਨੂੰ ਤਿਆਰ ਕਰਕੇ ਨੋਟੀਫਾਈ ਕਰ ਦਿੱਤਾ।












