ਭਾਰਤ ਦੀ ਨਾਈਟਿੰਗੇਲ ਲਤਾ ਮੰਗੇਸ਼ਕਰ ਜੋ ਕਿ ਬੀਤੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ (Lata Mangeshkar passes away)। ਅੱਜ ਸਵੇਰੇ 8.12 ਵਜੇ ਉਨ੍ਹਾਂ ਨੇ ਅਖੀਰਲਾ ਸਾਹ ਲਿਆ ਤੇ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰ ਗਏ ਨੇ। ਲਤਾ ਮੰਗੇਸ਼ਕਰ ਕਰੀਬ ਇੱਕ ਮਹੀਨੇ ਤੋਂ ਬਿਮਾਰ ਸਨ। 8 ਜਨਵਰੀ ਨੂੰ ਲਤਾ ਮੰਗੇਸ਼ਕਰ ਨੂੰ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕ੍ਰੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨੀਂ ਉਨ੍ਹਾਂ ਦੀ ਹਾਲਤ ਦੁਬਾਰਾ ਖਰਾਬ ਹੋ ਗਈ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮੁੜ ਵੈਂਟੀਲੇਟਰ ਸਪੋਰਟ ਸਿਸਟਮ ‘ਤੇ ਸ਼ਿਫਟ ਕਰ ਦਿੱਤਾ ਸੀ।
ਇਸ ਦੌਰਾਨ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੇਸ਼ ਭਰ ‘ਚ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। 92 ਸਾਲਾਂ ਲਤਾ ਮੰਗੇਸ਼ਕਰ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਂਣ ‘ਤੇ ਦੇਸ਼ ਭਰ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਕਲਾਕਾਰਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਲਤਾ ਮੰਗੇਸ਼ਕਰ ਜੀ ਨੂੰ ਸੰਗੀਤ ਜਗਤ ਵਿੱਚ ਭਾਰਤ ਦੀ ਨਾਈਟਿੰਗੇਲ ਵੀ ਕਿਹਾ ਜਾਂਦਾ ਹੈ। 7 ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ 1000 ਤੋਂ ਵੀ ਵੱਧ ਗੀਤ, ਹਿੰਦੀ ਸਣੇ ਹੋਰਨਾਂ ਕਈ ਭਾਸ਼ਾਵਾਂ ਵਿੱਚ ਗਾਏ ਹਨ। ਸੰਗੀਤ ਜਗਤ ਵਿੱਚ ਯੋਗਦਾਨ ਪਾਉਣ ਲਈ ਲਤਾ ਮੰਗੇਸ਼ਕਰ ਨੂੰ ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਪੁਰਸਕਾਰ, ਅਤੇ ਕਈ ਰਾਸ਼ਟਰੀ ਫਿਲਮ ਪੁਰਸਕਾਰਾਂ ਸਣੇ ਹੋਰਨਾਂ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।












