ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਫਿਲਮ ਪ੍ਰੋਡਕਸ਼ਨ ਹਾਊਸ ਤਮਿਲ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੈ। ਹਾਲ ਹੀ ‘ਚ ਕੰਪਨੀ ਵਲੋਂ ਜਾਰੀ ਇਕ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਧੋਨੀ ਐਂਟਰਟੇਨਮੈਂਟ ਜਲਦ ਹੀ ਆਪਣੀ ਪਹਿਲੀ ਫਿਲਮ ਤਮਿਲ ‘ਚ ਬਣਾਉਣ ਜਾ ਰਹੀ ਹੈ। ਇਸ ਦਾ ਸੰਕਲਪ ਸਾਕਸ਼ੀ ਸਿੰਘ ਨੇ ਤਿਆਰ ਕੀਤਾ ਹੈ। ਇਹ ਇੱਕ ਪਰਿਵਾਰਕ ਮਨੋਰੰਜਨ ਹੋਵੇਗਾ। ਰਿਲੀਜ਼ ਨੇ ਫਿਲਮ ਦੇ ਨਿਰਦੇਸ਼ਕ ਬਾਰੇ ਵੀ ਜਾਣਕਾਰੀ ਦਿੱਤੀ। ਰਮੇਸ਼ ਥਮਿਲਮਨੀ ਇਸ ਫਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ “ਅਥਰਵ – ਦ ਓਰਿਜਿਨ” ਨਾਮ ਦਾ ਗ੍ਰਾਫਿਕ ਨਾਵਲ ਵੀ ਲਿਖ ਚੁੱਕੇ ਹਨ।
ਫਿਲਮ ਫਿਲਹਾਲ ਸ਼ੁਰੂਆਤੀ ਦੌਰ ‘ਚ ਹੈ ਅਤੇ ਜਲਦ ਹੀ ਇਸ ਦੀ ਕਾਸਟ ਅਤੇ ਕਰੂ ਦਾ ਐਲਾਨ ਕੀਤਾ ਜਾਵੇਗਾ। ਇਸ ਬਾਰੇ ਫਿਲਮ ਦੇ ਨਿਰਦੇਸ਼ਕ ਨੇ ਕਿਹਾ, ‘ਜਦੋਂ ਮੈਂ ਸਾਕਸ਼ੀ ਦੁਆਰਾ ਲਿਖਿਆ ਗਿਆ ਸੰਕਲਪ ਪੜ੍ਹਿਆ ਤਾਂ ਮੈਨੂੰ ਇਹ ਬਹੁਤ ਖਾਸ ਲੱਗਾ। ਸੰਕਲਪ ਤਾਜ਼ਾ ਸੀ ਅਤੇ ਇਸ ਵਿੱਚ ਪਰਿਵਾਰਕ ਮਨੋਰੰਜਨ ਹੋਣ ਦੀ ਪੂਰੀ ਸੰਭਾਵਨਾ ਸੀ। ਤਮਿਲ ਤੋਂ ਇਲਾਵਾ, ਧੋਨੀ ਐਂਟਰਟੇਨਮੈਂਟ ਸਾਇੰਸ ਫਿਕਸ਼ਨ, ਕ੍ਰਾਈਮ ਡਰਾਮਾ, ਕਾਮੇਡੀ, ਸਸਪੈਂਸ ਥ੍ਰਿਲਰ ਸਮੇਤ ਹੋਰ ਸ਼ੈਲੀਆਂ ਵਿੱਚ ਦਿਲਚਸਪ ਅਤੇ ਆਕਰਸ਼ਕ ਸਮੱਗਰੀ ਬਣਾਉਣ ਲਈ ਕਈ ਫਿਲਮ ਨਿਰਮਾਤਾਵਾਂ ਅਤੇ ਪਟਕਥਾ ਲੇਖਕਾਂ ਨਾਲ ਗੱਲਬਾਤ ਕਰ ਰਹੀ ਹੈ।












