ਹਰਿਆਣਾ ਸਰਕਾਰ ਵੱਲੋਂ ਕੋਵਿਡ -19 ਨਾਲ ਸਬੰਧਤ ਪਾਬੰਦੀਆਂ ਨੂੰ 10 ਫਰਵਰੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰਾਜ ਵਿੱਚ ਮਾਲ ਅਤੇ ਬਾਜ਼ਾਰਾਂ ਨੂੰ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਹਰਿਆਣਾ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐਚਐਸਡੀਐਮਏ) ਨੇ ਇੱਕ ਹੁਕਮ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਹਰਿਆਣਾ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 5 ਜਨਵਰੀ ਨੂੰ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਐਚਐਸਡੀਐਮਏ ਨੇ 10, 13 ਅਤੇ 18 ਜਨਵਰੀ ਨੂੰ ਵੀ ਹੁਕਮ ਜਾਰੀ ਕਰਕੇ ਪਾਬੰਦੀਆਂ ਵਧਾਉਣ ਦਾ ਐਲਾਨ ਕੀਤਾ ਸੀ। ਇਹ ਸਾਰੀਆਂ ਪਾਬੰਦੀਆਂ 10 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਹਰਿਆਣਾ ਸਰਕਾਰ ਨੇ ਲੋਕਾਂ ਦੇ ਵੱਡੇ ਇਕੱਠ ਜਿਵੇਂ ਕਿ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਾਰੇ ਖੇਡ ਕੰਪਲੈਕਸ, ਸਵੀਮਿੰਗ ਪੂਲ, ਜਿੰਮ ਅਤੇ ਸਟੇਡੀਅਮ ਬੰਦ ਰਹਿਣਗੇ। ਲਾਗ ਦੇ ਫੈਲਣ ਨੂੰ ਰੋਕਣ ਲਈ, ਰਾਜ ਸਰਕਾਰ ਨੇ 1 ਜਨਵਰੀ ਤੋਂ ਬਿਨਾ ਟੀਕਾਕਰਨ ਵਾਲੇ ਲੋਕਾਂ ਨੂੰ ਸ਼ਾਪਿੰਗ ਮਾਲਾਂ, ਸਿਨੇਮਾ ਹਾਲਾਂ, ਰੈਸਟੋਰੈਂਟਾਂ ਅਤੇ ਅਨਾਜ ਮੰਡੀਆਂ ਸਮੇਤ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਦਾਖਲ ਹੋਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ।












