ਬੀਤੇ ਦਿਨੀਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਕਿਸੇ ਵਿਅਕਤੀ ਵੱਲੋ ਦੋ ਵਾਰ ਫੋਨ ‘ਤੇ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਗਈਆਂ। ਇਸ ਸੰਬੰਧ ਵਿੱਚ ਪੁਲਿਸ ਵੱਲੋ ਸੁਰਿੰਦਰ ਰਾਵਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ (BKU) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਸ਼ਨੀਵਾਰ ਰਾਤ ਨੂੰ ਵਿਅਕਤੀ ਦੇ ਦੋ ਫੋਨ ਆਏ ਸਨ ਜਿਸ ਵਿੱਚ ਉਹਨਾਂ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਟਿਕੈਤ ਦੀ ਸੁਰੱਖਿਆ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਸ਼ਰਮਾ ਨੇ ਇਸ ਸਬੰਧੀ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਪਵਨ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਕਾਲ ਡਾਟਾ ਦੀ ਜਾਂਚ ਕੀਤੀ ਅਤੇ ਉੱਤਰਾਖੰਡ ਦੇ ਕਰਨਪ੍ਰਯਾਗ ਸ਼ਹਿਰ ਦੇ ਦੋਸ਼ੀ ਸੁਰਿੰਦਰ ਰਾਵਤ ਨੂੰ ਟਰੇਸ ਕੀਤਾ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ ਹੈ।