ਝਾਰਖੰਡ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਸੂਬੇ ‘ਚ ਪਾਰਟੀ ਦੀ ਇਕਲੌਤੀ ਸੰਸਦ ਮੈਂਬਰ ਗੀਤਾ ਕੋਡਾ ਭਾਜਪਾ ‘ਚ ਸ਼ਾਮਲ ਹੋ ਗਈ ਹੈ। ਉਹ ਸਿੰਘਭੂਮ ਸੀਟ ਤੋਂ ਕਾਂਗਰਸ ਦੀ ਸੰਸਦ ਮੈਂਬਰ ਸੀ। ਗੀਤਾ ਕੋਡਾ ਨੇ ਰਾਂਚੀ ‘ਚ ਭਾਜਪਾ ਦੀ ਮੈਂਬਰਸ਼ਿਪ ਲਈ ਹੈ।
ਆਖ਼ਰਕਾਰ ਗੀਤਾ ਕੋਡਾ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਲੰਬੇ ਸਮੇਂ ਤੋਂ ਉਹ ਪਾਰਟੀ ਵਿੱਚ ਆਪਣੀ ਅਣਦੇਖੀ ਤੋਂ ਨਾਰਾਜ਼ ਸੀ। ਹਾਲਾਂਕਿ ਕਾਂਗਰਸ ਨੇ ਉਨ੍ਹਾਂ ਨੂੰ ਸੂਬਾ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਸੀ।
ਦੱਸ ਦਈਏ ਕਿ ਉਸਨੇ 2019 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਉਮੀਦਵਾਰ ਦੇ ਤੌਰ ‘ਤੇ ਲੜੀਆਂ ਸਨ। ਉਹ ਭਾਜਪਾ ਦੇ ਲਕਸ਼ਮਣ ਗਿਲੁਵਾ ਨੂੰ ਹਰਾ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੀ ਸੀ। ਝਾਰਖੰਡ ਵਿੱਚ ਉਹ ਕਾਂਗਰਸ ਦੀ ਇੱਕੋ ਇੱਕ ਉਮੀਦਵਾਰ ਸੀ ਜੋ ਜਿੱਤੀ ਸੀ।
ਜ਼ਿਕਰਯੋਗ ਹੈ ਕਿ ਗੀਤਾ ਕੋਡਾ ਨੇ 2009 ਦੀਆਂ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਚੋਣ ਲੜੀ ਸੀ। ਉਹ ਜਗਨਨਾਥਪੁਰ ਸੀਟ ਤੋਂ ਭਾਜਪਾ ਉਮੀਦਵਾਰ ਨੂੰ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੀ। 2014 ਵਿੱਚ ਉਸਨੇ ਸਿੰਘਭੂਮ ਲੋਕ ਸਭਾ ਸੀਟ ਤੋਂ ਚੋਣ ਲੜੀ, ਪਰ ਹਾਰ ਗਈ ਸੀ।












