ਚੰਡੀਗੜ੍ਹ, 19 ਫਰਵਰੀ 2022 – ਪੰਜਾਬ ਚੋਣਾਂ ਨੂੰ ਲੈ ਕੇ ਮੁੱਖ ਚੋਣ ਅਧਿਕਾਰੀ ਡਾ.ਕਰੁਣਾ ਰਾਜੂ ਵੱਲੋਂ ਅੱਜ ਵੋਟਾਂ ਤੋਂ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ‘ਚ ਡਾ. ਰਾਜੂ ਨੇ ਕਿਹਾ ਕੇ ਚੋਣਾਂ ਨੂੰ ਲੈ ਕੇ ਸਾਰੇ ਸਾਰੇ ਪ੍ਰਬੰਧ ਮੁਕੰਮਲ ਕਰ ਲਾਏ ਗਏ ਹਨ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਸੂਬੇ ‘ਚ ਕੁੱਲ ਪੋਲਿੰਗ ਬੂਥ 24740 ਹਨ ਅਤੇ ਕੁੱਲ 14684 ਥਾਵਾਂ ਹਨ ਜਿਥੇ ਵੋਟਾਂ ਪਾਈਆਂ ਜਾਣਗੀਆਂ। ਕਈ ਥਾਂਵਾਂ ‘ਤੇ 4 ਤੋਂ 6 ਪੋਲਿੰਗ ਬੂਥ ਵੀ ਬਣਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 70 ਪੋਲਿੰਗ ਬੂਥ ਅਪਾਹਜ ਵੋਟਰਾਂ ਲਈ ਹਨ।
ਵੋਟਾਂ ਪਾਉਣ ਲਈ ਵੈਕਸੀਨੇਸ਼ਨ ਬਾਰੇ ਬੋਲਦਿਆਂ ਐੱਸ. ਕਰੁਣਾ ਰਾਜੂ ਨੇ ਸਪੱਸ਼ਟ ਕੀਤਾ ਕਿ ਵੋਟ ਪਾਉਣ ਨਾਲ ਵੈਕਸੀਨੇਸ਼ਨ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਲਈ ਕਿਸੇ ਤਰ੍ਹਾਂ ਦੇ ਵੈਕਸੀਨੇਸ਼ਨ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ। ਇਸ ਲਈ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੈਕਸੀਨੇਸ਼ਨ ਨੂੰ ਲੈ ਕੇ ਗੁੰਮਰਾਹ ਨਾ ਹੋਣ।
ਪੋਲਿੰਗ ਬੂਥ ‘ਤੇ ਹੀ ਵੋਟਰਾਂ ਨੂੰ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਦਾ ਟੈਂਪਰੇਚਰ ਵੀ ਚੈੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਦਾ ਟੈਂਪਰੇਚਰ ਸਹੀ ਪਾਇਆ ਜਾਵੇਗਾ, ਉਸ ਨੂੰ ਵੋਟ ਪਾਉਣ ਲਈ ਅੱਗੇ ਭੇਜ ਦਿੱਤਾ ਜਾਵੇਗਾ, ਜਦੋਂ ਕਿ ਜਿਨ੍ਹਾਂ ਲੋਕਾਂ ਦਾ ਟੈਂਪਰੇਚਰ ਸਹੀ ਨਾ ਪਾਇਆ ਗਿਆ, ਉਨ੍ਹਾਂ ਨੂੰ ਵੋਟਿੰਗ ਦੇ ਆਖ਼ਰੀ ਘੰਟੇ ਵੋਟ ਪਾਉਣ ਲਈ ਸਹੂਲਤ ਦਿਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਕੋਰੋਨਾ ਪਾਜ਼ੀਟਿਵ ਹਨ, ਉਹ ਵੀ ਵੋਟਿੰਗ ਦੇ ਆਖ਼ਰੀ ਘੰਟੇ ਪੀ. ਪੀ. ਈ. ਕਿੱਟਾਂ ਪਾ ਕੇ ਆਪਣੀ ਵੋਟ ਪਾ ਸਕਦੇ ਹਨ।
ਇਸ ਮੌਕੇ ਅਸਲੇ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ 3.9 ਲੱਖ ਆਰਮ ਲਾਇਸੈਂਸ ਹਨ ਤੇ 3.79 ਲੱਖ ਅਸਲਾ ਜਮ੍ਹਾ ਹੋ ਚੁੱਕਿਆ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ ਸ਼ਿਕਾਇਤਾਂ 22827 ਆਈਆਂ ਹਨ। 2013 ਥਾਵਾਂ ਅਜਿਹੀਆਂ ਹਨ ਜਿਹੜੀਆਂ ਸੰਵੇਦਨਸ਼ੀਲ ਹਨ। ਇਸ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀਆਂ ਥਾਵਾਂ ‘ਤੇ ਅਫ਼ਸਰ ਵੀ ਮੌਜੂਦ ਰਹਿਣਗੇ ਜਿਹੜੇ ਨਜ਼ਰ ਰੱਖਣਗੇ। ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਸੁਰੱਖਿਆ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ, ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।












