ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਚੱਲ ਰਹੀਆਂ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ 2023 ਵਿੱਚ ਸ਼ਨੀਵਾਰ ਨੂੰ ਖੇਡੇ ਗਏ ਫੁੱਟਬਾਲ-7 ਏ ਟੀਮ ਵਿੱਚ ਭਾਰਤ ਨੇ ਸੇਂਟ ਲੂਸੀਆ ਨੂੰ ਇੱਕ ਅੰਕ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਫਰੀਦਕੋਟ ਦੇ ਫੁੱਟਬਾਲ ਖਿਡਾਰੀ ਹਰਜੀਤ ਸਿੰਘ ਮਾਨ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਕਾਰਨ ਜਿੱਥੇ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹਰਜੀਤ ਸਿੰਘ ਨੂੰ ਵਧਾਈਆਂ ਮਿਲ ਰਹੀਆਂ ਹਨ।

ਫ਼ਰੀਦਕੋਟ ਤੋਂ ਵਿਧਾਇਕ ਅਤੇ ਸਾਬਕਾ ਹੈਂਡਬਾਲ ਖਿਡਾਰੀ ਤੇ ਕੋਚ ਗੁਰਦਿੱਤ ਸਿੰਘ ਸੇਖੋ ਨੇ ਦੱਸਿਆ ਕਿ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਖੇਡੀਆਂ ਜਾ ਰਹੀਆਂ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ਵਿੱਚ ਭਾਰਤੀ ਐਥਲੀਟਾਂ ਦਾ ਜ਼ੋਰਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਹੁਣ ਤੱਕ 156 ਤਗਮੇ ਜਿੱਤੇ ਹਨ। 156 ਮੈਡਲਾਂ ਵਿੱਚ 66 ਸੋਨ, 50 ਚਾਂਦੀ ਅਤੇ 41 ਕਾਂਸੀ ਦੇ ਤਗਮੇ ਸ਼ਾਮਲ ਹਨ। ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਫਰੀਦਕੋਟ ਦਾ ਰਹਿਣ ਵਾਲਾ ਹਰਜੀਤ ਸਿੰਘ ਭਾਰਤੀ ਫੁੱਟਬਾਲ ਟੀਮ ਦੇ ਜੇਤੂ ਖਿਡਾਰੀਆਂ ਵਿੱਚ ਸ਼ਾਮਲ ਹੈ। ਫਰੀਦਕੋਟ ਪਹੁੰਚਣ ‘ਤੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।












