ਸਰਕਾਰ ਨੇ ਹਾਲ ਹੀ ਵਿੱਚ ਭਾਰਤ ਵਿੱਚ ਬੈਟਲਗ੍ਰਾਉਂਡ ਮੋਬਾਈਲ ਇੰਡੀਆ (BGMI) ਗੇਮ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਚੀਨੀ ਗੇਮ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਅਤੇ ਹਿੰਸਕ ਖੇਡ ਹੋਣ ਕਾਰਨ ਪਾਬੰਦੀ ਲਗਾਈ ਗਈ ਸੀ। ਭਾਰਤ ਵਿੱਚ ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (ਬੀਜੀਐਮਆਈ) ਦੇ ਬੈਨ ਤੋਂ ਬਾਅਦ ਮੇਡ ਇਨ ਇੰਡੀਆ ਬੈਟਲਗ੍ਰਾਉਂਡਸ ਗੇਮ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਹੁਣ ਦੇਸੀ ‘ਬੈਟਲ ਰਾਇਲ ਗੇਮ ਇੰਡਸ’ ਜਲਦ ਹੀ ਲਾਂਚ ਕੀਤੀ ਜਾਵੇਗੀ।

ਫਿਲਹਾਲ ਇਸ ਦਾ ਟ੍ਰੇਲਰ ਪੇਸ਼ ਕੀਤਾ ਗਿਆ ਹੈ। ਸੁਪਰ ਗੇਮਿੰਗ ਨੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਇੰਡਸ ਦਾ ਟ੍ਰੇਲਰ ਪੇਸ਼ ਕੀਤਾ ਹੈ। ਹੁਣ ਤੱਕ ਇਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਪੁਣੇ-ਅਧਾਰਤ ਗੇਮ ਡਿਵੈਲਪਮੈਂਟ ਫਰਮ ਸੁਪਰ ਗੇਮਿੰਗ ਨੇ ਇਸ ਸਾਲ ਦੇ ਅੰਤ ਵਿੱਚ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਆਪਣੇ ਆਉਣ ਵਾਲੇ ਮੇਡ-ਇਨ-ਇੰਡੀਆ ਬੈਟਲ ਰੋਇਲ ਟਾਈਟਲ ਇੰਡਸ ਲਈ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।

ਸੁਪਰ ਗੇਮਿੰਗ ਦੇ ਸਹਿ-ਸੰਸਥਾਪਕ ਅਤੇ ਸੀਈਓ ਰੋਬੀ ਜੌਹਨ ਨੇ ਕਿਹਾ ਕਿ ਇੰਡਸ ‘ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਡਿਵੈਲਪਰ ਟੀਮ ਇਸ ਸਮੇਂ ਇਸ ਗੇਮ ਨੂੰ ਖੇਡ ਪਾ ਰਹੀ ਹੈ। ਇਸ ‘ਚ ਕੁਝ ਸੁਧਾਰ ਕਰਨ ਤੋਂ ਬਾਅਦ ਹੀ ਇਸ ਨੂੰ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਇਸ ਗੇਮ ਦੀ ਲਾਂਚਿੰਗ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।












