ਅੰਮ੍ਰਿਤਸਰ: ਖੇਡਾਂ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਹੇਅਰ ਨੇ ਪੰਜਾਬ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾਂ ਦੇ ਨਾਲ ਵਿਸੇਸ਼ ਮੁਲਾਕਾਤ ਕੀਤੀ। ਮੀਤ ਹੇਅਰ ਵੱਲੋਂ ਅੰਮ੍ਰਿਤਸਰ ਦੇ ਖਾਲਸਾ ਸਕੂਲ, ਅੰਮ੍ਰਿਤਸਰ ਵਿਖੇ ਚੱਲ ਰਹੇ ਵੱਖ-ਵੱਖ ਕੋਚਿੰਗ ਸੈਂਟਰ ਗੇਮ-ਹੈਂਡਬਾਲ, ਫੁੱਟਬਾਲ, ਜੂਡੋ, ਐਥਲੈਟਿਕਸ ਆਦਿ ਦੀਆਂ ਗਰਾਊਂਡਾ ਦਾ ਦੌਰਾ ਕੀਤਾ। ਉਨ੍ਹਾਂ ਨੇ ਜੀ.ਐਨ.ਡੀ.ਯੂ.ਅੰਮ੍ਰਿਤਸਰ ਵਿਖੇ ਚੱਲ ਰਹੇ ਖੇਡ ਵਿਭਾਗ ਪੰਜਾਬ ਦੇ ਕੋਚਿੰਗ ਸੈਂਟਰ ਸਾਈਕਲਿੰਗ, ਜਿਮਨਾਸਟਿਕ, ਕੁਸ਼ਤੀ ਆਦਿ ਦਾ ਵੀ ਦੌਰਾ ਕੀਤਾ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਖੇਡਾਂ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਖੇਡ ਪ੍ਰਬੰਧਕਾਂ ਤੇ ਕੋਚਾਂ ਦੇ ਕੋਲੋਂ ਬੀਤੇ ਖੇਡ ਸੈਸ਼ਨ ਦੀਆਂ ਪ੍ਰਾਪਤੀਆ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਮੌਕੇ ਉਨ੍ਹਾਂ ਨੇ ਕਈ ਦਿਸ਼ਾ ਨਿਰਦੇਸ਼ ਦਿੱਤੇ ਤੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁੱਝ ਹੋਰ ਨਵਾਂ ਤੇ ਵੱਖਰਾ ਕਰਨ ਬਾਬਤ ਵੀ ਸਲਾਹ ਦਿੱਤੀ। ਉਨ੍ਹਾਂ ਹੱਸਦਾ ਵੱਸਦਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਨੌਜਵਾਨ ਵਰਗ ਨੂੰ ਖੇਡ ਖੇਤਰ ਵਲ ਦਿਲਚਸਪੀ ਬਣਾਉਣ ‘ਤੇ ਜ਼ੋਰ ਦਿੱਤਾ।












