- ਭਾਰਤੀ ਟੀਮ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅੱਗੇ
ਬੈਂਗਲੁਰੂ, 17 ਜਨਵਰੀ 2024 – ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤੀ ਟੀਮ ਨੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੇ ਸ਼ੁਰੂਆਤੀ ਦੋਵੇਂ ਟੀ-20 ਮੈਚ 6-6 ਵਿਕਟਾਂ ਦੇ ਫਰਕ ਨਾਲ ਜਿੱਤੇ ਹਨ।
ਇਸ ਲੈਅ ਨੂੰ ਬਰਕਰਾਰ ਰੱਖਦੇ ਹੋਏ ਟੀਮ ਇੰਡੀਆ ਆਖਰੀ ਮੈਚ ‘ਚ ਕਲੀਨ ਸਵੀਪ ਦੇ ਇਰਾਦੇ ਨਾਲ ਉਤਰੇਗੀ। ਜੂਨ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦਾ ਇਹ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ IPL ਸ਼ੁਰੂ ਹੋਵੇਗਾ। ਆਈਪੀਐਲ ਮਈ ਦੇ ਤੀਜੇ ਹਫ਼ਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਸ਼ੁਰੂ ਹੋਵੇਗਾ।
ਅਫਗਾਨਿਸਤਾਨ ਦੀ ਟੀਮ ਹੁਣ ਤੱਕ ਕਿਸੇ ਵੀ ਫਾਰਮੈਟ ਵਿੱਚ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਈ ਹੈ। ਦੋਵਾਂ ਵਿਚਾਲੇ ਹੁਣ ਤੱਕ 12 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤੀ ਟੀਮ ਨੇ 10 ਜਿੱਤੇ ਹਨ। ਇੱਕ-ਇੱਕ ਮੈਚ ਟਾਈ ਰਿਹਾ ਅਤੇ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤ ਨੇ 7 ਵਿੱਚੋਂ 6 ਟੀ-20 ਜਿੱਤੇ ਹਨ, ਜਿਨ੍ਹਾਂ ਵਿੱਚੋਂ ਇੱਕ ਮੈਚ ਬੇਨਤੀਜਾ ਰਿਹਾ।