ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾਉਣ ਵਾਲੀ ਭਾਰਤੀ ਟੀਮ ਦਾ ਦੂਜਾ ਮੈਚ ਅਰਜਨਟੀਨਾ ਨਾਲ ਸੀ। ਅਰਜਨਟੀਨਾ ਨੇ 22ਵੇਂ ਮਿੰਟ ‘ਚ ਗੋਲ ਕਰਕੇ ਭਾਰਤ ‘ਤੇ ਬੜ੍ਹਤ ਬਣਾ ਲਈ।
ਮੈਚ ਦੇ 58 ਮਿੰਟ ਤੱਕ ਉਸ ਦੀ ਬੜ੍ਹਤ ਜਾਰੀ ਰਹੀ। ਲੱਗਦਾ ਸੀ ਕਿ ਮੈਚ ਭਾਰਤ ਦੇ ਹੱਥੋਂ ਖਿਸਕਦਾ ਜਾ ਰਿਹਾ ਹੈ। ਪਰ ਭਾਰਤ ਨੇ ਵਾਪਸੀ ਦਾ ਗੋਲ ਕੀਤਾ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ। ਮੈਚ ਦੇ ਅੰਤ ਤੱਕ ਭਾਰਤ ਅਤੇ ਅਰਜਨਟੀਨਾ ਦਾ ਸਕੋਰ 1-1 ਨਾਲ ਬਰਾਬਰ ਰਿਹਾ।
ਭਾਰਤ ਨੇ ਪੈਰਿਸ ਓਲੰਪਿਕ ਦੇ ਹਾਕੀ ਗਰੁੱਪ ਬੀ ਵਿੱਚ ਅਰਜਨਟੀਨਾ ਨੂੰ ਡਰਾਅ ਦੇ ਕੇ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਇਸ ਗਰੁੱਪ ‘ਚ ਬੈਲਜੀਅਮ ਪਹਿਲੇ ਸਥਾਨ ‘ਤੇ ਹੈ ਅਤੇ ਆਸਟ੍ਰੇਲੀਆ ਦੂਜੇ ਸਥਾਨ ‘ਤੇ ਹੈ। ਇਹ ਦੋਵੇਂ ਟੀਮਾਂ 2-2 ਮੈਚ ਜਿੱਤ ਚੁੱਕੀਆਂ ਹਨ। ਭਾਰਤ ਇਕ ਜਿੱਤ ਅਤੇ ਇਕ ਡਰਾਅ ਨਾਲ ਤੀਜੇ ਸਥਾਨ ‘ਤੇ ਹੈ। ਅਰਜਨਟੀਨਾ ਇਕ ਅੰਕ ਨਾਲ ਚੌਥੇ ਸਥਾਨ ‘ਤੇ ਹੈ। ਨਿਊਜ਼ੀਲੈਂਡ ਅਤੇ ਆਇਰਲੈਂਡ ਕ੍ਰਮਵਾਰ ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ। ਇਹ ਦੋਵੇਂ ਟੀਮਾਂ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀਆਂ ਹਨ।











