ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਇਸ ਦੇ ਨਾਲ ਹੀ ਉਹ ਮੰਗਲਵਾਰ ਤੋਂ ਆਸਟ੍ਰੇਲੀਆ ਖਿਲਾਫ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਤੋਂ ਵੀ ਬਾਹਰ ਹੋ ਗਏ ਹਨ। ਟੀਮ ‘ਚ ਉਨ੍ਹਾਂ ਦੀ ਜਗ੍ਹਾ ਸੀਨੀਅਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਜਾਵੇਗਾ। ਉਮੇਸ਼ ਯਾਦਵ ਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ 2019 ਵਿੱਚ ਆਸਟਰੇਲੀਆ ਖਿਲਾਫ ਖੇਡਿਆ ਸੀ।
ਸੂਤਰਾਂ ਅਨੁਸਾਰ ਸ਼ਮੀ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਨੈਗੇਟਿਵ ਰਿਪੋਰਟ ਆਉਣ ਤੱਕ ਉਹ ਆਈਸੋਲੇਸ਼ਨ ਵਿੱਚ ਰਹਿਣਗੇ। ਸ਼ਮੀ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ‘ਚ ਵਾਪਸੀ ਕਰ ਸਕਦੇ ਹਨ। ਦੱਖਣੀ ਅਫਰੀਕਾ ਖਿਲਾਫ ਤਿੰਨ ਟੀ-20 ਮੈਚ ਕ੍ਰਮਵਾਰ ਤਿਰੂਵਨੰਤਪੁਰਮ, ਗੁਹਾਟੀ ਅਤੇ ਇੰਦੌਰ ‘ਚ 28 ਸਤੰਬਰ, 2 ਅਕਤੂਬਰ ਅਤੇ 4 ਅਕਤੂਬਰ ਨੂੰ ਹੋਣਗੇ। ਹਾਲਾਂਕਿ ਬੀਸੀਸੀਆਈ ਵੱਲੋਂ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ ਹੈ।
ਦੱਸ ਦਈਏ ਕਿ ਮੋਹਾਲੀ ਵਿੱਚ 20 ਸਤੰਬਰ ਦੀ ਸ਼ਾਮ ਨੂੰ ਭਾਰਤ-ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਇੱਕ ਦਿਲਚਸਪ ਟੀ-20 ਮੈਚ ਹੋਵੇਗਾ। ਇਸ ਦੇ ਲਈ ਆਸਟ੍ਰੇਲੀਆ ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਦਿ ਲਲਿਤ ਪਹੁੰਚੀ ਹੈ। ਭਾਰਤੀ ਟੀਮ ਸ਼ਨੀਵਾਰ ਨੂੰ ਚੰਡੀਗੜ੍ਹ ਆਈ।












