ਨਵੀਂ ਦਿੱਲੀ, 8 ਸਤੰਬਰ 2023 – ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲੀਆਈ ਜੋੜੀਦਾਰ ਮੈਥਿਊ ਐਬਡੇਨ ਯੂਐਸ ਓਪਨ 2023 ਦੇ ਪੁਰਸ਼ ਡਬਲਜ਼ ਫਾਈਨਲ ਵਿੱਚ ਪਹੁੰਚ ਗਏ ਹਨ। ਇਸ ਜਿੱਤ ਤੋਂ ਬਾਅਦ 43 ਸਾਲ 6 ਮਹੀਨੇ ਦੇ ਬੋਪੰਨਾ ਓਪਨ ਯੁੱਗ ਵਿੱਚ ਗ੍ਰੈਂਡ ਸਲੈਮ ਫਾਈਨਲ ਵਿੱਚ ਪਹੁੰਚਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਬੋਪੰਨਾ ਤੋਂ ਪਹਿਲਾਂ ਇਹ ਰਿਕਾਰਡ ਕੈਨੇਡਾ ਦੇ ਡੇਨੀਅਲ ਨੇਸਟਰ ਦੇ ਨਾਂ ਸੀ।
ਬੋਪੰਨਾ 13 ਸਾਲ ਬਾਅਦ ਇਸ ਗ੍ਰੈਂਡ ਸਲੈਮ ਦੇ ਫਾਈਨਲ ‘ਚ ਪਹੁੰਚੇ ਹਨ। ਇਸ ਤੋਂ ਪਹਿਲਾਂ ਸਾਲ 2010 ‘ਚ ਫਾਈਨਲ ‘ਚ ਪਹੁੰਚੇ ਸੀ। ਉਦੋਂ ਬੋਪੰਨਾ ਦੇ ਸਾਥੀ ਪਾਕਿਸਤਾਨ ਦੇ ਏਸਾਮ-ਉਲ-ਹੱਕ ਕੁਰੈਸ਼ੀ ਸਨ। ਇਹ ਦੂਜੀ ਵਾਰ ਹੈ ਜਦੋਂ ਬੋਪੰਨਾ ਕਿਸੇ ਗ੍ਰੈਂਡ ਸਲੈਮ ਪੁਰਸ਼ ਡਬਲਜ਼ ਫਾਈਨਲ ਵਿੱਚ ਪਹੁੰਚਿਆ ਹੈ।
ਬੋਪੰਨਾ ਨੇ ਆਸਟਰੇਲੀਆਈ ਜੋੜੀਦਾਰ ਮੈਥਿਊ ਏਬਡੇਨ ਨਾਲ ਮਿਲ ਕੇ ਪੁਰਸ਼ ਡਬਲਜ਼ ਸੈਮੀਫਾਈਨਲ ‘ਚ ਵੀਰਵਾਰ ਰਾਤ ਨੂੰ ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਫਰਾਂਸੀਸੀ ਜੋੜੀ ਪੀਅਰੇ-ਹਿਊਗਸ ਹਰਬਰਟ ਅਤੇ ਨਿਕੋਲਸ ਮਾਹੁਤ ਨੂੰ 7-6 (7-3), 6-2 ਨਾਲ ਹਰਾਇਆ। ਇਹ ਟੂਰਨਾਮੈਂਟ ਨਿਊਯਾਰਕ ‘ਚ ਖੇਡਿਆ ਜਾ ਰਿਹਾ ਹੈ।
ਸੈਮੀਫਾਈਨਲ ਮੈਚ 1 ਘੰਟੇ 34 ਮਿੰਟ ਤੱਕ ਚੱਲਿਆ। ਹਾਲਾਂਕਿ ਬੋਪੰਨਾ ਮਿਕਸਡ ਡਬਲਜ਼ ‘ਚ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ। ਉਹ ਦੂਜੇ ਦੌਰ ਵਿੱਚ ਇੰਡੋਨੇਸ਼ੀਆਈ ਜੋੜੀਦਾਰ ਅਲਡਿਲਾ ਸੁਤਜਿਆਦੀ ਤੋਂ ਹਾਰ ਗਿਆ ਸੀ।
ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲੀਆਈ ਜੋੜੀਦਾਰ ਮੈਥਿਊ ਏਬਡੇਨ ਨੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੀ ਨਥਾਨੀਲ ਲੈਮਨਸ ਅਤੇ ਜੈਕਸਨ ਵਿਥਰੋ ਦੀ ਜੋੜੀ ਨੂੰ 7-6 (10), 6-1 ਨਾਲ ਹਰਾਇਆ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜੂਲੀਅਨ ਕੈਸ਼ ਅਤੇ ਹੈਨਰੀ ਪੈਟਨ ਦੀ ਜੋੜੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਬੋਪੰਨਾ ਅਤੇ ਏਬਡੇਨ ਇਸ ਸਾਲ ਦੀ ਸ਼ੁਰੂਆਤ ‘ਚ ਵਿੰਬਲਡਨ ਦੇ ਸੈਮੀਫਾਈਨਲ ‘ਚ ਪਹੁੰਚੇ ਸਨ।
ਅਮਰੀਕਾ ਦੀ ਨੌਜਵਾਨ ਟੈਨਿਸ ਖਿਡਾਰਨ ਕੋਕੋ ਗੌਫ ਚੈੱਕ ਗਣਰਾਜ ਦੀ ਕੈਰੋਲੀਨਾ ਮੁਚੋਵਾ ਨੂੰ ਹਰਾ ਕੇ ਪਹਿਲੇ ਯੂਐਸ ਓਪਨ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਗਈ ਹੈ। 19 ਸਾਲਾ ਅਮਰੀਕੀ ਖਿਡਾਰੀ ਨੇ ਚੈੱਕ ਖਿਡਾਰਨ ਨੂੰ 6-4, 7-5 ਨਾਲ ਹਰਾ ਕੇ ਇਤਿਹਾਸ ਵਿੱਚ ਪਹਿਲੀ ਵਾਰ ਯੂਐਸ ਓਪਨ ਦੇ ਫਾਈਨਲ ਵਿੱਚ ਥਾਂ ਬਣਾਈ।