ਸਿਫਤ ਕੌਰ ਸਮਰਾ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਪਵਨਦੀਪ ਸਿੰਘ ਕਿਸਾਨ ਹਨ। ਸਿਫਤ ਨੂੰ ਸ਼ੂਟਿੰਗ ਕਰਨ ਦਾ ਇੰਨਾ ਜਨੂੰਨ ਹੈ ਕਿ ਇਸ ਲਈ ਉਸ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਵੀ ਛੱਡ ਦਿੱਤੀ। ਉਹ ਫਰੀਦਕੋਟ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ।। ਹੁਣ ਖੇਡ ‘ਚ ਉਹ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ 2023 ਦੇ ਪੈਰਿਸ ਓਲੰਪਿਕ ਖੇਡਾਂ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਬਾਕੂ ‘ਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ਼ੂਟਰ ਸਿਫਤ ਕੌਰ ਸਮਰਾ ਨੇ ਓਲੰਪਿਕ ਦਾ ਕੋਟਾ ਹਾਸਲ ਕੀਤਾ। ਸਿਫਤ ਕੌਰ ਸਮਰਾ ਓਲੰਪਿਕ ‘ਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਜਦਕਿ, ਉਹ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਤਗਮੇ ਤੋਂ ਖੁੰਝ ਗਈ ਤੇ ਪੰਜਵੇਂ ਸਥਾਨ ‘ਤੇ ਰਹੀ।
ਦੱਸ ਦਈਏ ਕੋਚ ਵਿਕਾਸ ਪ੍ਰਸਾਦ ਨੇ ਸਿਫਤ ਨੂੰ ਖੇਡ ਦੀਆਂ ਬਾਰੀਕੀਆਂ ਸਿਖਾਈਆਂ ਹਨ। ਵਿਕਾਸ ਨੇ ਦੱਸਿਆ ਕਿ ਸਿਫਤ ਇਸ ਸਮੇਂ ਪੂਰੀ ਲੈਅ ‘ਚ ਹੈ ਅਤੇ ਉਮੀਦ ਹੈ ਕਿ ਉਹ ਓਲੰਪਿਕ ‘ਚ ਦੇਸ਼ ਲਈ ਤਮਗਾ ਜ਼ਰੂਰ ਲਿਆਵੇਗੀ। ਵਿਕਾਸ ਨੇ ਦੱਸਿਆ ਕਿ ਸਿਫਤ ਨੇ ਇਸ ਸਾਲ ਚੀਨ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਟੀਮ ਅਤੇ ਸਿੰਗਲ ਵਰਗ ਵਿੱਚ ਦੋ ਸੋਨ ਤਗਮੇ ਜਿੱਤੇ ਸਨ। ਨਾਲ ਹੀ ਇਸੇ ਸਾਲ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ‘ਚ ਸਿਫਤ ਦੀ ਚੋਣ ਹੋਈ ਹੈ। ਉੱਥੇ ਵੀ ਉਸ ਤੋਂ ਤਮਗਾ ਜਿੱਤਣ ਦੀ ਉਮੀਦ ਹੈ।
ਇਸਤੋਂ ਇਲਾਵਾ ਸਿਫਤ ਇਸ ਸਮੇਂ 50 ਮੀਟਰ ਰਾਈਫਲ 3 ਪੋਜ਼ੀਸ਼ਨ ‘ਚ ਦੇਸ਼ ਦੀ ਨੰਬਰ ਇਕ ਨਿਸ਼ਾਨੇਬਾਜ਼ ਹੈ। ਉਸ ਦੀ ਵਿਸ਼ਵ ਰੈਂਕਿੰਗ 19 ਹੈ। 21 ਸਾਲਾ ਸਿਫਤ ਨੇ ਬਹੁਤ ਹੀ ਛੋਟੇ ਕਰੀਅਰ ‘ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਸਿਫਤ ਨੇ 2022 ‘ਚ ਜਰਮਨੀ ਵਿਚ ਹੋਏ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਜੂਨੀਅਰ ਕੱਪ ਵਿਚ ਚਾਰ ਮੈਡਲ ਜਿੱਤੇ ਸਨ।












